ਪੰਜਾਬ ਵਿੱਚ ਅੱਜ ਆਖਰੀ ਤੇ ਸਤਵੇਂ ਪੜ੍ਹਾਅ ਤਹਿਤ ਵੋਟਿੰਗ ਹੋ ਰਹੀ ਹੈ। ਅੱਜ ਵੋਟਾਂ ਵਾਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ, ਲੁਧਿਆਣਾ ਤੋਂ ਵੱਡੇ ਦਿੱਗਜ਼ ਨੇਤਾਵਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ, ਪਰ ਇਸ ਵੇਲੇ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ 111 ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗੇ ਰਹੇ ਤੇ ਪਤਾ ਲੱਗਿਆ ਕਿ ਮਸ਼ੀਨ ਬੰਦ ਹੋ ਗਈ।
ਜਾਣਕਾਰੀ ਦਿੰਦਿਆਂ ਬਿਸ਼ਨ ਦੱਤ ਸ਼ਰਮਾ, ਮਨਜੋਤ ਸਿੰਘ, ਤੇ ਹੋਰਨਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਲਾਈਨ ਵਿੱਚ ਖੜ੍ਹੇ ਹਨ। ਇਸ ਦੌਰਾਨ 9 ਵਜੇ ਮਸ਼ੀਨ ਬੈਟਰੀ ਡੈੱਡ ਹੋਣ ਕਾਰਨ ਬੰਦ ਹੋ ਗਈ। ਕਰੀਬ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਬੂਥ ਅਫਸਰ ਸਚਿਨ ਗਰਗ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਸਵੇਰੇ 9 ਵਜੇ ਬੈਟਰੀ ਡੈੱਡ ਹੋ ਗਈ, ਜਿਸ ਤੋਂ ਬਾਅਦ ਹੋਰ ਬੈਟਰੀ ਮੰਗਵਾਈ ਗਈ ਪਰ ਉਹ ਵੀ ਡੈੱਡ ਨਿਕਲੀ। ਇਸ ਦੌਰਾਨ ਮਨਮੀਤ ਚਾਵਲਾ, ਭੂਪੇਂਦਰ ਰਾਏ, ਗੋਪਾਲ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਵੋਟਿੰਗ ਰੁਕ ਜਾਣ ਕਾਰਨ ਹੜਤਾਲ ’ਤੇ ਬੈਠ ਗਏ। ਉਨ੍ਹਾਂ ਮੰਗ ਕੀਤੀ ਕਿ ਵੋਟਿੰਗ ਰੱਦ ਕੀਤੀ ਜਾਵੇ। ਕਰੀਬ ਦੋ ਘੰਟੇ ਬਾਅਦ ਇੱਕ ਹੋਰ ਬੈਟਰੀ ਮੰਗਵਾਈ ਗਈ ਅਤੇ ਫਿਰ ਵੋਟਿੰਗ ਸ਼ੁਰੂ ਕਰ ਦਿੱਤੀ ਗਈ।