ਨਵੀਂ ਮੁੰਬਈ ਪੁਲਿਸ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਚਾਰਾਂ ਨੇ ਹੀ ਹਮਲੇ ਲਈ ਸਲਮਾਨ ਖਾਨ ਦੇ ਫਾਰਮ ਹਾਊਸ ਦੀ ਰੇਕੀ ਕਰਵਾਈ ਸੀ।
ਚਾਰਾਂ ਸ਼ੱਕੀਆਂ ਦੀ ਗ੍ਰਿਫ਼ਤਾਰੀ ਸਲਮਾਨ ਦੇ ਬਾਂਦਰਾ ਨਿਵਾਸ ਦੇ ਬਾਹਰ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੇ ਪਿਛੋਕੜ ਵਿੱਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਤਾ ਲੱਗਿਆ ਕਿ ਸਲਮਾਨ ‘ਤੇ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਤੋਂ ਬਾਅਦ ਪਿਛਲੇ ਮਹੀਨੇ ਤੋਂ ਜਾਂਚ ਕੀਤੀ ਜਾ ਰਹੀ ਸੀ।
ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ‘ਚ ਸੀ। ਬਿਸ਼ਨੋਈ ਭਰਾਵਾਂ ਦੇ ਕਹਿਣ ‘ਤੇ ਚਾਰਾਂ ਨੇ ਫਾਰਮ ਹਾਊਸ ਅਤੇ ਉਨ੍ਹਾਂ ਥਾਵਾਂ ਦੀ ਰੇਕੀ ਕੀਤੀ, ਜਿੱਥੇ ਸਲਮਾਨ ‘ਕੰਮ’ ਕਰਦੇ ਹਨ। ਫੜੇ ਗਏ ਚਾਰ ਮੁਲਜ਼ਮਾਂ ਦੀ ਪਹਿਚਾਣ ਧਨੰਜੈ ਤਪਸਿੰਘ ਉਰਫ ਅਜੈ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ 14 ਅਪ੍ਰੈਲ ਨੂੰ ਮੋਟਰਸਾਈਕਲ ‘ਤੇ ਆਏ ਲੋਕਾਂ ਨੇ ਮੁੰਬਈ ਦੇ ਬਾਂਦਰਾ ਸਥਿਤ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਕਈ ਗੋਲੀਆਂ ਚਲਾਈਆਂ ਸੀ। ਜਿਸ ਤੋਂ ਬਾਅਦ ਹਮਲਾਵਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।