ਬਿਲਾਸਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਹਿਮਾਚਲ ਪ੍ਰਦੇਸ਼ ਦੇ ਨੈਨਾ ਦੇਵੀ ਮੰਦਰ ‘ਚ ਨਰਾਤਿਆਂ ਦੌਰਾਨ ਪੂਜਾ ਕੀਤੀ। ਇਸ ਤੋਂ ਬਾਅਦ ਸ਼੍ਰੀ ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਵੇਂ ਕੋਈ ਵੀ ਵਿਵਾਦ ਹੋਵੇ ਪਰ ਹਿਮਾਚਲ ਅਤੇ ਪੰਜਾਬ ਦੋਵੇਂ ਰਾਜ ਆਪਸ ‘ਚ ਭਰਾ-ਭਰਾ ਦੀ ਤਰ੍ਹਾਂ ਰਹੇ ਹਨ। ਸ਼੍ਰੀ ਮਾਨ ਨੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ‘ਚ ਇਕ ਕਲਾਕਾਰ ਵਜੋਂ ਬਿਲਾਸਪੁਰ, ਕੁੱਲੂ, ਮਨਾਲੀ, ਸ਼ਿਮਲਾ ‘ਚ ਆਪਣੀ ਪੇਸ਼ਕਾਰੀ ਦਿੰਦੇ ਰਹੇ ਹਨ ਅਤੇ ਮੇਰਾ ਹਿਮਾਚਲ ਨਾਲ ਬਹੁਤ ਚੰਗਾ ਸੰਬੰਧ ਹੈ।
ਸ਼੍ਰੀ ਮਾਨ ਨੇ ਕਿਹਾ ਕਿ ਨੈਨਾ ਦੇਵੀ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਜੋੜਣ ਵਾਲੇ ਪ੍ਰਸਾਤਵਿਤ ਰੱਜੂ ਮਾਰਗ (ਰੋਪਵੇਅ) ‘ਤੇ ਜਲਦ ਹੀ ਦੋਵੇਂ ਰਾਜਾਂ ਦੇ ਅਧਿਕਾਰੀਆਂ ਦੀ ਬੈਠਕ ਬੁਲਾਈ ਜਾਵੇਗੀ। ਮੰਦਰ ਨਿਆਸ ਨੇ ਸ਼੍ਰੀ ਮਾਨ ਨੂੰ ਮਾਤਾ ਦੀ ਚੁੰਨੀ ਅਤੇ ਫੋਟੋ ਭੇਟ ਕਰ ਕੇ ਸਨਮਾਨਤ ਕੀਤਾ।