ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਤੜਕੇ 4 ਵਜੇ ਦੋ ਮਾਲ ਗੱਡੀਆਂ ਆਪਸ ਵਿੱਚ ਟੱਕਰ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦਾ ਇੰਜਣ ਪਲਟ ਗਿਆ ਅਤੇ ਸਾਈਡ ਟਰੈਕ ਤੋਂ ਲੰਘ ਰਹੀ ਇੱਕ ਯਾਤਰੀ ਰੇਲਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਖਮੀਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇੰਜਣ ਪਲਟ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿੱਚ ਫਸ ਗਿਆ। ਹਾਦਸੇ ਤੋਂ ਬਾਅਦ ਯਾਤਰੀ ਰੇਲ ਗੱਡੀ ਨੂੰ ਦੂਜਾ ਇੰਜਣ ਲਗਾ ਕੇ ਰਾਜਪੁਰਾ ਲਈ ਰਵਾਨਾ ਕੀਤਾ ਗਿਆ। ਨਾਲ ਹੀ ਟਰੈਕ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਇਰਵਿਨ ਪ੍ਰੀਤ ਕੌਰ ਨੇ ਦੱਸਿਆ ਹੈ ਕਿ ਰੇਲ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਸਥਾਨ ‘ਤੇ ਦੋ ਲੋਕੋ ਪਾਇਲਟ ਲਿਆਂਦੇ ਗਏ ਸਨ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।