ਕਪੂਰਥਲਾ- ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣਾ ਰੈਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਝੋਂਪੜੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30 ਦੇ ਕਰੀਬ ਝੁੱਗੀਆਂ ਸੜ ਗਈਆਂ। ਝੁੱਗੀਆਂ ਵਿਚ ਪਿਆ ਪ੍ਰਵਾਸੀ ਮਜ਼ਦੂਰਾਂ ਦਾ ਸਾਮਾਨ ਅਤੇ ਨਗਦੀ ਵੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਸਾਡੀਆਂ ਅੱਖਾਂ ਦੇ ਸਾਹਮਣੇ ਝੁੱਗੀਆਂ ‘ਤੋਂ ਲੰਘਦੀ 11000 ਵੋਲਟ ਪਾਵਰ ਲਾਈਨ ਇਕ ਖੰਭੇ ਕੋਲੋਂ ਸਪਾਰਕਿੰਗ ਹੋਣ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ ।
ਉਨ੍ਹਾਂ ਦੱਸਿਆ ਅੱਗ ਅਚਾਨਕ ਇੰਨੀ ਵੱਧ ਗਈ ਕਿ ਉਹ ਕੰਨਟ੍ਰੋਲ ਤੋਂ ਬਾਹਰ ਹੋ ਗਈ। ਇਸ ਦੌਰਾਨ ਝੁਗੀਆਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਖੁਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿਚ ਪਿਆ ਸਾਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਿਆ। ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਨੇ ਸ਼ਨੀਵਾਰ ਦੁਪਹਿਰ 3 ਵਜੇ ਦੇ ਕਰੀਬ ਦੱਸਿਆ ਕਿ ਅੱਗ ‘ਤੇ ਕਾਬੂ ਪਾਊਣ ਲਈ ਕਪੂਰਥਲਾ, ਸੁਲਤਾਨਪੁਰ ਲੋਧੀ, ਆਰ.ਸੀ.ਐਫ. ਤੇ ਕਰਤਾਰਪੁਰ ਤੋਂ ਚਾਰ ਗੱਡੀਆਂ ਆਈਆਂ ਸਨ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ ।