ਨਵਾਂਸ਼ਹਿਰ – ਪੰਜਾਬ ‘ਚ ਗਰਮੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਤੋਂ ਸੂਬੇ ਵਿਚ ਲੂ ਚੱਲਣੀ ਸ਼ੁਰੂ ਹੋਵੇਗੀ। ਵਿਭਾਗ ਵੱਲੋਂ 4 ਦਿਨਾਂ ਲਈ ਸੂਬੇ ਦੇ ਕਈ ਹਿੱਸਿਆਂ ਲਈ ਲੂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ ਵਿਚ ਹੋਰ ਵਾਧਾ ਹੋਵੇਗਾ, ਜਿਸ ਨਾਲ ਕਈ ਥਾਵਾਂ ‘ਤੇ ਤਾਪਮਾਨ 40 ਡਿਗਰੀ ਤੋਂ ਵੀ ਪਾਰ ਜਾ ਸਕਦਾ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਲਗਾਤਾਰ ਵਧ ਰਹੇ ਤਾਪਮਾਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੰਭਾਵੀ ਸਿਹਤ ਖ਼ਤਰਿਆਂ ਨਾਲ ਨਜਿੱਠਣ ਲਈ ਸਾਰੇ ਲੜੀਂਦੇ ਪ੍ਰਬੰਧ ਕਰ ਲਏ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ।
ਗਰਮੀ ਦੇ ਮੌਸਮ ਦੌਰਾਨ ਗਰਮ ਹਵਾਵਾਂ ਤੋਂ ਬਚਾਅ ਲਈ ਦੁਪਹਿਰ ਨੂੰ ਸਿਰਫ਼ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਘਰੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਸਿਰ ਢੱਕ ਕੇ ਰੱਖਿਆ ਜਾਵੇ। ਇਸ ਲਈ ਕੱਪੜਾ, ਟੋਪੀ ਜਾਂ ਛੱਤਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਲਕੇ ਫਿੱਕੇ-ਰੰਗ ਅਤੇ ਢਿੱਲੇ ਸੂਤੀ ਕੱਪਡ਼ਿਆਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਅੱਖਾਂ ਦੀ ਸੁਰੱਖਿਆ ਲਈ ਚਸ਼ਮਾ ਅਤੇ ਚਮਡ਼ੀ ਦੀ ਸੁਰੱਖਿਆ ਲਈ ਕਿਸੇ ਵੀ ਕਰੀਮ ਦੀ ਵਰਤੋਂ ਕੀਤੀ ਜਾਵੇ।