ਅੰਮ੍ਰਿਤਸਰ – ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤਾ ਗਿਆ ਜਾਗਰੂਕਤਾ ਮਾਰਚ ਅੱਜ ਜਲਿਆਂਵਾਲਾ ਬਾਗ ਪਹੁੰਚ ਕੇ ਸਮਾਪਤ ਹੋਇਆ। ਰਾਜਪਾਲ ਪੰਜਾਬ ਨੇ ਸ਼ਹੀਦਾਂ ਦੀ ਖੂਨ ਨਾਲ ਰੰਗੀ ਧਰਤੀ ਜਲਿਆਂਵਾਲਾ ਬਾਗ਼ ਤੋਂ ਪੰਜਾਬੀਆਂ ਨੂੰ ਮੁਖਾਤਿਬ ਹੁੰਦੇ ਦੇਸ਼ ਅਤੇ ਧਰਮ ਦੀ ਖ਼ਾਤਰ ਸ਼ਹੀਦੀਆਂ ਪਾਉਣ ਵਾਲੇ ਵਡੇਰਿਆਂ ਦਾ ਹਵਾਲਾ ਦੇ ਕੇ ਜਮੀਰ ਨੂੰ ਹਲੂਣਾ ਦਿੱਤਾ ਅਤੇ ਪੰਜਾਬ ਚੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਦੇਸ਼ ਅਤੇ ਧਰਮ ਦੀ ਖ਼ਾਤਰ ਸਬ ਤੋਂ ਵੱਧ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਸੂਬੇ ਵਿੱਚ ਨਸ਼ੇ ਦੀ ਬੁਰੀ ਆਦਤ ਲਈ ਕੋਈ ਜਗ੍ਹਾ ਨਹੀਂ। ਪਦ ਯਾਤਰਾ ਦੇ ਆਖਰੀ ਦਿਨ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਨਅੰਦੋਲਨ ਖੜਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਬਿਮਾਰੀ ਕੇਵਲ ਮੈਂ ਜਾਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ, ਜਿੰਨਾ ਚਿਰ ਆਮ ਲੋਕਾਂ ਦਾ ਸਾਥ ਇਸ ਮੁਹਿੰਮ ਨੂੰ ਨਹੀਂ ਮਿਲ ਜਾਂਦਾ । ਉਨਾਂ ਮੰਚ ਉੱਤੇ ਹਾਜ਼ਰ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰਨ ਬਲਕਿ ਸਾਰੇ ਸੁਹਿਰਦ ਹੋ ਕੇ ਇਸ ਨੂੰ ਖਤਮ ਕਰਨ ਲਈ ਅੱਗੇ ਆਉਣ।