ਖਰੜ : ਜੀਜੇ ਨੂੰ ਮਨਾਉਣ ਜਾ ਰਹੇ ਸਾਲੇ ਦੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਸੈਕਟਰ-124 ਸੰਨੀ ਇੰਨਕਲੇਵ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਨੁਸਾਰ ਸੋਮਵਾਰ ਰਾਤ ਕਰੀਬ ਡੇਢ ਵਜੇ ਪਤੀ ਜਸਵਿੰਦਰ ਨੂੰ ਉਨ੍ਹਾਂ ਦੀ ਮਾਤਾ ਕੁਲਵਿੰਦਰ ਕੌਰ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਬੇਟੀ ਮਨਦੀਪ ਕੌਰ ਅਤੇ ਜਵਾਈ ਭਾਨੂੰਪ੍ਰਤਾਪ ਝਗੜਾ ਕਰ ਰਹੇ ਹਨ,
ਇਸ ਲਈ ਆ ਕੇ ਲੈ ਜਾਓ। ਇਸ ਤੋਂ ਬਾਅਦ ਉਹ ਪਤੀ ਨਾਲ ਸਵਿਫਟ ਡਿਜ਼ਾਇਰ ਕਾਰ (ਪੀ.ਬੀ.09-ਏ.ਐੱਨ.-5903) ’ਚ ਮਾਤਾ ਦੇ ਘਰ ਸ਼ਿਵਾਲਿਕ ਸਿਟੀ ਪੁੱਜੇ ਤਾਂ ਨਣਾਨ ਮਨਦੀਪ ਕੌਰ ਤੇ ਜਵਾਈ ਭਾਨੂੰਪ੍ਰਤਾਪ ਬ੍ਰਿਜ਼ਾ ਗੱਡੀ ’ਚ ਘਰੋਂ ਨਿਕਲ ਗਏ। ਮਾਤਾ ਕੁਲਵਿੰਦਰ ਕੌਰ ਦੇ ਕਹਿਣ ’ਤੇ ਉਨ੍ਹਾਂ ਨੂੰ ਮਨਾਉਣ ਲਈ ਪਿੱਛੇ ਚੱਲੇ ਗਏ ਜਦ ਗਊਸ਼ਾਲਾ ਮੁੰਡੀ ਖਰੜ ਕੋਲ ਪੁੱਜੇ ਤਾਂ ਜਵਾਈ ਨੇ ਅਣਗਹਿਲੀ ਨਾਲ ਕਾਰ ਚਲਾਉਂਦਿਆਂ ਇਕਦਮ ਸੱਜੇ ਹੱਥ ਕੱਟ ਮਾਰਿਆ। ਇਸ ਕਾਰਨ ਸਵਿਫਟ ਡਿਜ਼ਾਇਰ ਕਾਰ ਪਲਟੀਆਂ ਖਾਂਦੀ ਡਿਵਾਇਡਰ ਨਾਲ ਜਾ ਟਕਰਾਈ ਅਤੇ ਪਤੀ ਦੀ ਗਰਦਨ ਡਿਵਾਈਡਰ ਤੇ ਗੱਡੀ ਵਿੱਚਕਾਰ ਫਸਣ ਕਾਰਨ ਗੰਭੀਰ ਸੱਟਾਂ ਲੱਗੀਆਂ। ਉਹ ਬੇਹੋਸ਼ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਪੀ.ਸੀ.ਆਰ. ਨੂੰ ਬੁਲਾਇਆ। ਇਸ ਤੋਂ ਬਾਅਦ ਦੋਵਾਂ ਨੂੰ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ ਜਿੱਥੇ ਪਤੀ ਜਸਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।