ਜਲੰਧਰ : ਇੱਥੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਠਾਨਕੋਟ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀਂ ਹੋ ਗਿਆ, ਜਦੋਂ ਕਿ ਉਸ ਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੁਲਸ ਵੱਲੋਂ ਸਹੀ ਕਾਰਵਾਈ ਨਾ ਕਰਨ ’ਤੇ ਪੁਲਸ ਖ਼ਿਲਾਫ਼ ਧਰਨਾ ਲਾਇਆ ਗਿਆ, ਜਿਸ ਕਾਰਨ ਹਾਈਵੇਅ ’ਤੇ ਤਿੰਨ ਘੰਟੇ 3 ਕਿਲੋਮੀਟਰ ਤੱਕ ਜਾਮ ਲੱਗਾ ਰਿਹਾ। ਸੂਚਨਾ ਮਿਲਦੇ ਹੀ ਡਿਊਟੀ ਅਫ਼ਸਰ ਜਤਿੰਦਰ ਸ਼ਰਮਾ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਧਰਨਾ ਖ਼ਤਮ ਕਰਵਾ ਕੇ ਆਵਾਜਾਈ ਸੁਚਾਰੂ ਕੀਤੀ। ਮ੍ਰਿਤਕ ਔਰਤ ਦੀ ਪਛਾਣ ਅਮਨਦੀਪ ਕੌਰ ਪਤਨੀ ਹਰਦੀਪ ਸਿੰਘ, ਜ਼ਖਮੀ ਹਰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਬੱਲਾਂ, ਜਲੰਧਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਪਿੰਡ ਬੱਲਾਂ ਤੋਂ ਜਲੰਧਰ ਵਾਲੇ ਪਾਸੇ ਆ ਰਹੇ ਸਨ ਅਤੇ ਜਿਵੇਂ ਹੀ ਉਹ ਕਾਨਪੁਰ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੇ ਰੇਤ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਦੋਵੇਂ ਪਤੀ-ਪਤਨੀ ਮੋਟਰਸਾਈਕਲ ਸਮੇਤ ਟਿੱਪਰ ਹੇਠ ਆ ਗਏ।