ਨਵੀਂ ਦਿੱਲੀ : ਓਯੋ ਹੋਟਲ ਇਨ੍ਹੀਂ ਦਿਨੀਂ ਆਪਣੀ ਪਾਲਿਸੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਭਾਵੇਂ ਉਹ ਆਧਾਰ ਕਾਰਡ ਰਾਹੀਂ ਬੁਕਿੰਗ ਹੋਵੇ ਜਾਂ ਕੁਝ ਸ਼ਹਿਰਾਂ ਵਿਚ ਜੋੜਿਆਂ ਦੇ ਦਾਖ਼ਲੇ ’ਤੇ ਪਾਬੰਦੀ ਹੋਵੇ। ਹਾਸਪਿਟੈਲਿਟੀ ਇੰਡਸਟਰੀ ਦੀ ਇਹ ਹੋਟਲ ਚੇਨ ਸੁਰਖੀਆਂ ’ਚ ਰਹੀ ਹੈ। ਹੁਣ ਇਕ ਵਾਰ ਫਿਰ ਓਯੋ ਖਬਰਾਂ ’ਚ ਹੈ। ਓਯੋ ’ਤੇ ਫਰਜ਼ੀ ਬੁਕਿੰਗ ਦੇ ਨਾਂ ’ਤੇ ਪੈਸੇ ਕਮਾਉਣ ਦਾ ਦੋਸ਼ ਹੈ। ਇਸ ਦੇ ਮਾਲਕ ਰਿਤੇਸ਼ ਅਗਰਵਾਲ ਖਿਲਾਫ 22 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਰਾਜਸਥਾਨ ਦੇ ਜੈਪੁਰ ’ਚ ਕੁਝ ਹੋਟਲ ਮਾਲਕਾਂ ਨੇ ਓਯੋ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਓਯੋ ਨੇ ਆਪਣੇ ਹੋਟਲਾਂ ’ਚ ਫਰਜ਼ੀ ਬੁਕਿੰਗ ਕਰਵਾ ਕੇ ਪੈਸੇ ਕਮਾਏ ਹਨ। ਓਯੋ ਨੇ ਗਲਤ ਤਰੀਕੇ ਨਾਲ ਹੋਟਲ ਬੁੱਕ ਕਰਵਾ ਕੇ ਆਪਣੀ ਆਮਦਨ ਵਧਾ ਦਿੱਤੀ ਹੈ, ਜਿਸ ਕਾਰਨ ਹੋਟਲਾਂ ਨੂੰ ਜੀ. ਐੱਸ. ਟੀ. ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਟੈਕਸ ਵਸੂਲੀ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੋਟਲ ਫੈਡਰੇਸ਼ਨ ਆਫ ਰਾਜਸਥਾਨ ਦੇ ਪ੍ਰਧਾਨ ਹੁਸੈਨ ਖਾਨ ਨੇ ਇਸ ਮਾਮਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਨੂੰ ਹੋਟਲ ਮਾਲਕਾਂ ਲਈ ਵੱਡੀ ਸਮੱਸਿਆ ਦੱਸਿਆ ਗਿਆ ਹੈ। ਜੋਧਪੁਰ ਦੇ 10 ਤੋਂ ਵੱਧ ਹੋਟਲ ਮਾਲਕਾਂ ਨੂੰ ਸਟੇਟ ਜੀ. ਐੱਸ. ਟੀ. ਅਤੇ ਕੇਂਦਰੀ ਜੀ. ਐੱਸ. ਟੀ. ਦਾ ਨੋਟਿਸ ਪ੍ਰਾਪਤ ਹੋਇਆ ਹੈ। ਕਈਆਂ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪੈਂਦਾ ਹੈ।