ਜਲੰਧਰ: ਬਾਲੀਵੁੱਡ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਜਲੰਧਰ ਦੇ ਥਾਣਾ ਸਦਰ ਵਿਚ FIR ਦਰਜ ਕੀਤੀ ਗਈ ਹੈ। ਇਹ ਕਾਰਵਾਈ ਇਸਾਈ ਭਾਈਚਾਰੇ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸੰਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਪ੍ਰੋਡੀਊਸਰ ਨਵੀਨ ਮਾਲਿਨੇਨੀ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ, ਮੰਗਲਵਾਰ ਨੂੰ ਫੋਲੜੀਵਾਲ ਦੇ ਰਹਿਣ ਵਾਲੇ ਵਿਕਲਫ਼ ਗੋਲਡੀ ਉਰਫ਼ ਵਿੱਕੀ ਗੋਲਡ ਨੇ ਕਮਿਸ਼ਨਰੇਟ ਪੁਲਸ ਜਲੰਧਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਫ਼ਿਲਮ ‘ਜਾਟ’ ਵਿਚ ਦਿਖਾਏ ਗਏ ਇਕ ਸੀਨ ਨਾਲ ਉਨ੍ਹਾਂ ਦੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੌਰਾਨ ਵਿੱਕੀ ਗੋਲਡ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ 2 ਦਿਨਾਂ ਦੇ ਅੰਦਰ ਪਰਚਾ ਦਰਜ ਨਹੀਂ ਹੋਇਆ ਤਾਂ ਭਾਈਚਾਰੇ ਵੱਲੋਂ ਵੱਡੇ ਪੱਧਰ ‘ਤੇ ਸਿਨੇਮਾਘਰਾਂ ਦਾ ਘਿਰਾਓ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸ਼ਿਕਾਇਤ ਦੇ ਅਧਾਰ ‘ਤੇ ਹੀ ਥਾਣਾ ਸਦਰ ਵਿਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਪ੍ਰੋਡੀਊਸਰ ਨਵੀਨ ਮਾਲਿਨੇਨੀ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 299 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।