ਅੰਮ੍ਰਿਤਸਰ – ਸਕੂਲਾਂ ਵਿਚ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚਣ ’ਤੇ ਪਾਬੰਦੀ ਲੱਗ ਗਈ ਹੈ। ਸਕੂਲ ਕੰਪਲੈਕਸ ਅੰਦਰ ਜੇਕਰ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚੀ ਗਈ ਤਾਂ ਸਬੰਧਤ ਕੰਟੀਨ ਮਾਲਕ ਦੇ ਨਾਲ-ਨਾਲ ਸਕੂਲ ਇੰਚਾਰਜ ਖਿਲਾਫ ਕਾਰਵਾਈ ਹੋ ਸਕਦੀ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਸਮੇਂ-ਸਮੇਂ ’ਤੇ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਕਈ ਸਕੂਲਾਂ ਵਿਚ ਸਥਿਤ ਕੰਟੀਨਾਂ ਅੰਦਰ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚੇ ਜਾ ਰਹੇ ਹਨ, ਜਿਸ ਨਾਲ ਸਿੱਧੇ ਤੌਰ ’ਤੇ ਵਿਦਿਆਰਥੀਆਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ।
ਵਿਭਾਗ ਵੱਲੋਂ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚਣ ’ਤੇ ਸਕੂਲ ਕੰਪਲੈਕਸ ਅੰਦਰ ਮੁਕੰਮਲ ਪਾਬੰਦੀ ਹੈ। ਜੇਕਰ ਕੋਈ ਕੰਟੀਨ ਮਾਲਕ ਨਿਯਮਾਂ ਦੀ ਉਲੰਘਣਾਂ ਕਰਦਾ ਪਾਇਆ ਜਾਂਦਾ ਹੈ ਤਾਂ ਜਿੰਨਾਂ ਕੰਟੀਨ ਦਾ ਮਾਲਕ ਜ਼ਿੰਮੇਵਾਰ ਹੋਵੇਗਾ, ਓਨਾ ਹੀ ਸਕੂਲ ਦਾ ਇੰਚਾਰਜ ਵੀ ਜ਼ਿੰਮੇਵਾਰ ਹੋਵੇਗਾ। ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਇਸ ਸੰਬੰਧ ਵਿਚ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਭ ਤੋਂ ਪਹਿਲਾਂ ਠੀਕ ਹੋਣੀ ਚਾਹੀਦੀ ਹੈ ਜੇਕਰ ਸਿਹਤ ਠੀਕ ਹੋਵੇਗੀ ਤਾਂ ਵਿਦਿਆਰਥੀ ਵਧੀਆ ਢੰਗ ਨਾਲ ਪੜ੍ਹਾਈ ਕਰ ਸਕਣਗੇ।