।
ਜਲੰਧਰ/ਚੰਡੀਗੜ੍ਹ –ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅੱਤਵਾਦ ਖ਼ਿਲਾਫ਼ ਜਾਰੀ ਜੰਗ ਵਿਚ ਇਤਿਹਾਸਕ ਪ੍ਰਾਪਤੀ ਦੇ ਰੂਪ ’ਚ ਪੰਜਾਬ ਪੁਲਸ ਦੇ ਅਣਥੱਕ ਯਤਨਾਂ ਸਦਕਾ ਅਮਰੀਕਾ ’ਚ ਰਹਿਣ ਵਾਲੇ ਪਾਕਿਸਤਾਨ-ਆਈ. ਐੱਸ. ਆਈ. ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਪ੍ਰਮੁੱਖ ਵਰਕਰ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਸਹਿਯੋਗੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕਾ ਦੇ ਸੈਕ੍ਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਨੂੰ ਵੱਡੀ ਸਫ਼ਲਤਾ ਕਰਾਰ ਦਿੱਤਾ ਅਤੇ ਕਿਹਾ ਕਿ ਆਈ. ਐੱਸ. ਆਈ. ਦੇ ਸਮਰਥਨ ਵਾਲੇ ਅੱਤਵਾਦੀ ਨੈੱਟਵਰਕ ’ਤੇ ਲਗਾਤਾਰ ਕਾਰਵਾਈ ’ਚ ਇਹ ਪ੍ਰਮੁੱਖ ਮੀਲ ਦਾ ਪੱਥਰ ਹੈ, ਜਿਸ ਵਿਚ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਹੈੱਪੀ ਪਾਸੀਆ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਅਮਰੀਕਾ ਅਤੇ ਭਾਰਤ ਵਿਚਾਲੇ ਕੌਮਾਂਤਰੀ ਸਹਿਯੋਗ ਅਤੇ ਸੂਚਨਾਵਾਂ ਦੇ ਵਟਾਂਦਰੇ ਦਾ ਨਤੀਜਾ ਹੈ। ਫੈਡਰਲ ਜਾਂਚ ਬਿਊਰੋ (ਐੱਫ਼. ਬੀ. ਆਈ.) ਅਤੇ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈ. ਸੀ. ਈ.) ਨੇ 17 ਅਪ੍ਰੈਲ ਨੂੰ ਕੈਲੀਫੋਰਨੀਆ ਦੇ ਸੈਕ੍ਰਾਮੈਂਟੋ ’ਚ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕੀਤਾ। ਅੰਮ੍ਰਿਤਸਰ ਦੇ ਪਿੰਡ ਪਾਸੀਆ ਦੇ ਰਹਿਣ ਵਾਲੇ ਹੈਪੀ ਪਾਸੀਆ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਅਮਰੀਕਾ ਸਥਿਤ ਸਾਥੀਆਂ ਦਰਮਨ ਕਾਹਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਆਪਣੇ ਅਪਰਾਧਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ।