ਜ਼ੀਰਕਪੁਰ ਐੱਸ.ਐੱਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਵੱਲੋਂ ਜ਼ੀਰਕਪੁਰ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ, ਮੁਨਸ਼ੀ ਤੇ ਨੈਬ ਕੋਰਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ ਇੰਸਪੈਕਟਰ ਗਗਨਦੀਪ ਸਿੰਘ ਨੂੰ ਐੱਸ.ਐੱਚ.ਓ. ਜ਼ੀਰਕਪੁਰ ਤਾਇਨਾਤ ਕੀਤਾ ਗਿਆ ਹੈ। ਇਹ ਕਾਰਵਾਈ ਅਦਾਲਤ ਵੱਲੋਂ 156/3 ਤਹਿਤ ਮੰਗੀ ਗਈ ਰਿਪੋਰਟ ’ਤੇ ਕਾਰਵਾਈ ਨਾ ਕਰਨ ’ਤੇ ਕੀਤੀ ਗਈ ਹੈ।
ਬੀਤੇ ਦਿਨੀਂ ਡੇਰਾਬਸੀ ਦੇ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੂੰ ਵੀ ਸਿਵਲ ਹਸਪਤਾਲ ’ਚ ਹੋਈ ਝੜਪ ਦੇ ਮਾਮਲੇ ’ਚ ਕੋਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਇਕ ਐੱਨ.ਆਰ.ਆਈ. ਮਹਿਲਾ ਲਾਇਕਾ ਮੱਕੜ ਵੱਲੋਂ ਉਸ ਨਾਲ ਫਲੈਟ ਦਿਵਾਉਣ ਦੇ ਨਾਂ ’ਤੇ ਕਰੀਬ ਪੰਜਾਹ ਲੱਖ ਰੁਪਏ ਦੀ ਠੱਗੀ ਮਾਮਲੇ ’ਚ ਕੇਸ ਦਰਜ ਕਰਵਾਉਣ ਲਈ 156/3 ਤਹਿਤ ਡੇਰਾਬਸੀ ਅਦਾਲਤ ’ਚ ਪਟੀਸ਼ਨ ਪਾਈ ਗਈ ਸੀ। ਅਦਾਲਤ ਵੱਲੋਂ ਮਾਮਲੇ ਦੀ ਜਾਂਚ ਲਈ ਜ਼ੀਰਕਪੁਰ ਥਾਣੇ ਨੂੰ ਭੇਜਿਆ ਗਿਆ ਸੀ ਪਰ ਤੈਅ ਸਮੇਂ ’ਚ ਜ਼ੀਰਕਪੁਰ ਪੁਲਸ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਸ ਮਾਮਲੇ ’ਚ ਅਦਾਲਤ ਵੱਲੋਂ ਵਾਰ-ਵਾਰ ਨੋਟਿਸ ਵੀ ਜਾਰੀ ਕੀਤੇ ਗਏ।