ਜਲੰਧਰ/ਚੰਡੀਗੜ੍ਹ – ਵਿਦਿਆਰਥੀਆਂ ਸਣੇ ਸਰਕਾਰੀ ਮੁਲਾਜ਼ਮਾਂ ਲਈ ਅਪ੍ਰੈਲ ਮਹੀਨਾ ਮੌਜਾਂ ਭਰਿਆ ਰਿਹਾ ਹੈ, ਕਿਉਂਕਿ ਇਸ ਵਿਚ ਇਕ ਤੋਂ ਬਾਅਦ ਇਕ ਕਈ ਛੁੱਟੀਆਂ ਆਉਂਦੀਆਂ ਰਹੀਆਂ ਹਨ। ਇਸ ਮਹੀਨੇ ਪੰਜਾਬ ਵਿਚ ਕੁੱਲ੍ਹ 7 ਸਰਕਾਰੀ ਛੁੱਟੀਆਂ ਆਈਆਂ। ਹਾਲਾਂਕਿ ਇਸ ਵਿਚੋਂ ਕਈ ਛੁੱਟੀਆਂ ਐਤਵਾਰ ਨੂੰ ਵੀ ਆਈਆਂ। ਕਈ ਲੋਕਾਂ ਨੂੰ 18, 19 ਅਤੇ 20 ਅਪ੍ਰੈਲ ਨੂੰ ਲੰਮੇ ਵੀਕੈਂਡ ਦਾ ਫ਼ਾਇਦਾ ਲੈਣ ਦਾ ਮੌਕਾ ਵੀ ਮਿਲਿਆ। ਇਸ ਮਗਰੋਂ ਇਸ ਮਹੀਨੇ ਇਕ ਹੋਰ ਸਰਕਾਰੀ ਛੁੱਟੀ ਆ ਗਈ ਹੈ।
ਭਲਕੇ ਯਾਨੀ 29 ਅਪ੍ਰੈਲ ਮੰਗਲਵਾਰ ਨੂੰ ਪੰਜਾਬ ਭਰ ਵਿਚ ਸਰਕਾਰੀ ਛੁੱਟੀ ਰਹੇਗੀ। ਸੂਬਾ ਸਰਕਾਰ ਨੇ ਭਗਵਾਨ ਪਰਸ਼ੂ ਰਾਮ ਜਯੰਤੀ ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਵਿਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਧਿਆਨ ਦੇਣਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਵਿਚ ਬਹੁਤ ਸਾਰੀਆਂ ਗਜ਼ਟਿਡ ਛੁੱਟੀਆਂ ਹੁੰਦੀਆਂ ਹਨ। ਇਸ ਮਹੀਨੇ ਹੁਣ ਤੱਕ 6 ਅਪ੍ਰੈਲ ਨੂੰ ਰਾਮ ਨੌਮੀ, 8 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ, 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ, 13 ਅਪ੍ਰੈਲ ਨੂੰ ਵੈਸਾਖੀ, 14 ਅਪ੍ਰੈਲ ਨੂੰ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਅਤੇ 18 ਅਪ੍ਰੈਲ ਨੂੰ ਗੁੱਡ ਫਰਾਈਡੇਅ ਦੀ ਛੁੱਟੀ ਹੋ ਚੁੱਕੀ ਹੈ। ਜਦਕਿ ਹੁਣ ਫਿਰ 29 ਅਪ੍ਰੈਲ ਮੰਗਲਵਾਰ ਦੀ ਸਰਕਾਰੀ ਛੁੱਟੀ ਰਹੇਗੀ।