ਡੇਰਾਬਸੀ : ਕੈਨੇਡਾ ਪੜ੍ਹਨ ਗਈ ਡੇਰਾਬੱਸੀ ਦੀ 21 ਸਾਲਾ ਵੰਸ਼ਿਕਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਵੰਸ਼ਿਕਾ ਦੀ ਲਾਸ਼ ਕਾਲਜ ਦੇ ਨੇੜੇ ਬੀਚ ’ਤੇ ਉਸ ਦੇ ਲਾਪਤਾ ਹੋਣ ਤੋਂ ਦੋ ਦਿਨਾਂ ਬਾਅਦ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਓਟਾਵਾ ਸ਼ਹਿਰ ਦੀ ਪੁਲਸ ਨੇ ਲਾਸ਼ ਨੂੰ ਹਸਪਤਾਲ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਡੇਰਾਬਸੀ ਦੇ ਦਵਿੰਦਰ ਸੈਣੀ ਦੀ ਧੀ ਵੰਸ਼ਿਕਾ (21) ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਲੜਕੀ ਦੇ ਪਿਤਾ ਦਵਿੰਦਰ ਸੈਣੀ ਡੇਰਾਬਸੀ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਨ। ਦਵਿੰਦਰ ਮੁਤਾਬਕ ਉਸ ਨੇ 25 ਅਪ੍ਰੈਲ ਨੂੰ ਆਖਰੀ ਵਾਰ ਵੰਸ਼ਿਕਾ ਨਾਲ ਗੱਲ ਕੀਤੀ ਸੀ ਪਰ ਅਗਲੇ ਦਿਨ ਉਸ ਦੀ ਰੂਮ ਪਾਰਟਨਰ ਲੜਕੀ ਦਾ ਫ਼ੋਨ ਆਇਆ ਕਿ ਵੰਸ਼ਿਕਾ ਕਮਰੇ ’ਚ ਵਾਪਸ ਨਹੀਂ ਆਈ ਤੇ ਉਸ ਦਾ ਮੋਬਾਈਲ ਵੀ ਬੰਦ ਹੈ।
ਜਾਣਕਾਰੀ ਮੁਤਾਬਕ ਵੰਸ਼ਿਕਾ ਦੀ ਕਜਨ ਸਿਸਟਰ ਸਿਮਰਨ ਤੇ ਡੇਰਾਬਸੀ ਦੇ ਅਜੈ ਕੁਮਾਰ ਦੀ ਧੀ ਨਿਸ਼ਾ ਵੀ ਵੰਸ਼ਿਕਾ ਦੇ ਸੰਪਰਕ ’ਚ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾ ਵੰਸ਼ਿਕਾ ਦੇ ਲਾਪਤਾ ਹੋਣ ਬਾਰੇ ਦੱਸਿਆ ਤੇ ਫਿਰ ਪੁਲਸ ਨੂੰ ਸੂਚਿਤ ਕੀਤਾ। ਦੋ ਦਿਨਾਂ ਬਾਅਦ ਵੰਸ਼ਿਕਾ ਦੀ ਲਾਸ਼ ਕਾਲਜ ਨੇੜੇ ਬੀਚ ਕੋਲ ਮਿਲੀ। ਪੁਲਸ ਨੂੰ ਉਸ ਦੀ ਲਾਸ਼ ਦੋ ਦਿਨਾਂ ਬਾਅਦ ਮਿਲੀ ਪਰ ਉਸਦਾ ਮੋਬਾਈਲ ਬਰਾਮਦ ਨਹੀਂ ਹੋਇਆ। ਫ਼ਿਲਹਾਲ ਮੌਤ ਦੇ ਕਾਰਨ ਅਜੇ ਸਪਸ਼ਟ ਨਹੀਂ ਹੋਏ।