ਜੰਮੂ- ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪਾਕਿਸਤਾਨ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲਓਸੀ) ‘ਤੇ ਲਗਾਤਾਰ 8ਵੇਂ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ। ਇਕ ਅਤੇ ਦੋ ਮਈ ਦੀ ਦਰਮਿਆਨੀ ਰਾਤ ਪਾਕਿਸਤਾਨੀ ਫ਼ੌਜ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਪੁੰਛ, ਨੌਸ਼ਹਿਰਾ ਅਤੇ ਅਖਨੂਰ ਖੇਤਰਾਂ ਦੇ ਸਾਹਮਣੇ ਕੰਟਰੋਲ ਰੇਖਾ ਦੇ ਪਾਰ ਚੌਕੀਆਂ ਤੋਂ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ।
ਭਾਰਤੀ ਫ਼ੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਖ਼ਿਲਾਫ਼ ਮੂੰਹ ਤੋੜ ਜਵਾਬ ਦਿੱਤਾ ਹੈ। ਇਸ ਤੋਂ ਪਹਿਲੇ 30 ਅਪ੍ਰੈਲ ਅਤੇ ਇਕ ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ, ਉੜੀ ਅਤੇ ਅਖਨੂਰ ਦੇ ਸਾਹਮਣੇ ਕੰਟਰੋਲ ਰੇਖਾ ‘ਤੇ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ ਸੀ। ਪਾਕਿਸਤਾਨ ਦੀ ਹਰਕਤ ਤੋਂ ਬਾਅਦ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ‘ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ। ਇਸ ਹਮਲੇ ‘ਚ 26 ਲੋਕ ਮਾਰੇ ਗਏ ਸਨ।