ਰਾਜਾਸਾਂਸੀ – ਬੀਤੀ ਰਾਤ ਪਿੰਡ ਅਦਲੀਵਾਲ ਵਿਖੇ ਖੇਤਾਂ ਦੇ ਨਾੜ ਨੂੰ ਅੱਗ ਲੱਗਣ ਕਾਰਨ ਗੁੱਜਰਾਂ ਦੇ 5 ਡੇਰੇ ਭਿਆਨਕ ਅੱਗ ਦੀ ਲਪੇਟ ‘ਚ ਆ ਗਏ। ਇਸ ਦੌਰਾਨ ਕਰੀਬ 40 ਦੁੱਧਰੂ ਮੱਝਾਂ ਮਰਨ, 35 ਤੋਂ 40 ਝੁਲਸਣ ਅਤੇ ਲੱਖਾਂ ਦੇ ਗਹਿਣੇ ਤੇ ਨਕਦੀ ਸੜਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਗੁੱਜਰ ਮੁਹੰਮਦ ਕਰੀਮ, ਸਦੀਕ, ਬਾਊ, ਰਾਣਾ, ਹੁਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਤੇਜ਼ ਹਨ੍ਹੇਰੀ ਕਾਰਨ ਕਣਕ ਦੇ ਨਾੜ ‘ਚ ਭਿਆਨਕ ਲੱਗੀ ਹੋਈ ਸੀ, ਜਿਸ ‘ਚ 90 ਫੀਸਦੀ ਨੁਕਸਾਨ ਹੋ ਚੁੱਕਿਆ ਸੀ। ਇਸ ਦੌਰਾਨ ਅੱਗ ਤੋਂ ਸੁਲਗਦੀਆਂ ਚਿੰਗਾੜੀਆਂ ਉਨ੍ਹਾਂ ਦੇ ਕੁੱਲੀਆਂ ’ਤੇ ਆ ਡਿੱਗੀਆਂ ਅਤੇ ਦੇਖਦੇ ਹੀ ਦੇਖਦੇ ਕੁੱਲ ਨੂੰ ਭਿਆਨਕ ਅੱਗ ਲੱਗ ਗਈ।
ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨਾਲ ਅੱਗ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੁੱਲ ਅੰਦਰ ਰੱਖੀਂ ਨਗਦੀ ਗਹਿਣੇ ਅਤੇ ਹੋਰ ਵਸਤੂਆਂ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ‘ਚ ਪੱਸ਼ੂਆਂ ਦੀ ਕੀਮਤ ਲਗਭਗ ਸਵਾ ਕਰੋੜ ਰੁਪਏ, ਨਕਦੀ ਤੇ ਕਈ ਤੋਲੇ ਸੋਨੇ ਦੇ ਗਹਿਣੇ ਸੜ ਕੇ ਸੁਆਹ ਹੋ ਗਏ। ਇਸ ਮੌਕੇ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਝੁਲਸੇ ਹੋਏ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਮੌਕੇ ‘ਤੇ ਪੁੱਜੇ ਨਾਇਬ ਤਹਿਸੀਲਦਾਰ ਰੁਮਿੰਦਰਪਾਲ ਸਿੰਘ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ।
ਉਨ੍ਹਾਂ ਆਖਿਆ ਕਿ ਇਸ ਪੀੜਤ ਪਰਿਵਾਰਾਂ ਦੀ ਆਰਥਿਕ ਪੱਖੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗਰੇਨ ਪੰਜਾਬ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਪੂਰਨ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।