ਲੁਧਿਆਣਾ : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜੱਸੀਆ ਰੋਡ ‘ਤੇ ਬੀਤੀ ਰਾਤ ਲੁਟੇਰਿਆਂ ਨੇ ਇਕ ਕਰਿਆਨੇ ਦੀ ਦੁਕਾਨ ਤੋਂ 2 ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੁਰਿੰਦਰ ਸਿੰਘ ਤੇ ਉਸ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 10 ਵਜੇ ਉਹ ਆਪਣੀ ਦੁਕਾਨ ਬੰਦ ਕਰ ਰਹੇ ਸਨ ਤੇ ਇਸੇ ਦੌਰਾਨ ਦੁਕਾਨ ਦੇ ਅੰਦਰ ਚਾਰ ਅਣਪਛਾਤੇ ਨੌਜਵਾਨ ਪਿਸਤੌਲ ਤੇ ਦਾਤ ਲੈ ਕੇ ਦਾਖ਼ਲ ਹੋ ਗਏ।
ਇਸ ਮਗਰੋਂ ਲੁਟੇਰੇ ਨੇ ਉਸ ਦੇ ਪਿਤਾ ‘ਤੇ ਦਾਤ ਨਾਲ ਹਮਲਾ ਕਰ ਦਿੱਤਾ ਤੇ ਕਾਊਂਟਰ ਉੱਪਰ ਪਈ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਦੁਕਾਨ ਦੇ ਅੰਦਰ ਗੋਲ਼ੀਆਂ ਚਲਾ ਦਿੱਤੀਆਂ। ਇਸ ਮਗਰੋਂ ਉਨ੍ਹਾਂ ਨੇ ਕਾਊਂਟਰ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਇਕ ਲੁਟੇਰੇ ਨੂੰ ਕਾਬੂ ਕੀਤਾ ਗਿਆ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।