ਜਲੰਧਰ –ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੁਲਸ ਕਮਿਸ਼ਨਰੇਟ ਜਲੰਧਰ ਦੇ ਥਾਣਾ ਨੰਬਰ 8 ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਸੰਜੇ ਕੁਮਾਰ ਨੂੰ 15000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਸੂਬੇ ਦੇ ਵਿਜੀਲੈਂਸ ਚੀਫ਼ ਡਾਇਰੈਕਟਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਜਲੰਧਰ ਦੇ ਪਿੰਡ ਰੇਰੂ ਨਿਵਾਸੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਬੇਟੇ, ਜਿਸ ਖ਼ਿਲਾਫ਼ ਉਪਰੋਕਤ ਥਾਣੇ ਵਿਚ ਪੁਲਸ ਕੇਸ ਦਰਜ ਸੀ, ਨੂੰ ਕਥਿਤ ਤੌਰ ’ਤੇ ਸ਼ਰਨ ਦੇਣ ਦੇ ਮਾਮਲੇ ਵਿਚ ਬੀ. ਐੱਨ. ਐੱਸ. ਦੀ ਧਾਰਾ 249 ਤਹਿਤ ਉਸ ਦਾ ਨਾਂ ਦੋਬਾਰਾ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਉਕਤ ਪੁਲਸ ਕਰਮਚਾਰੀ ਨੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਵਰਣਨਯੋਗ ਹੈ ਕਿ ਸ਼ਿਕਾਇਤਕਰਤਾ ਦਾ ਨਾਂ ਪਹਿਲਾਂ ਉਸ ਦੇ ਬੇਟੇ ਨੂੰ ਸ਼ਰਨ ਦੇਣ ਕਾਰਨ ਐੱਫ਼. ਆਈ. ਆਰ. ਵਿਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਉਸ ਦਾ ਨਾਂ ਹਟਾ ਦਿੱਤਾ ਗਿਆ ਸੀ, ਫਿਰ ਵੀ ਉਕਤ ਏ. ਐੱਸ. ਆਈ. ਸ਼ਿਕਾਇਤਕਰਤਾ ਨੂੰ ਉਸੇ ਮਾਮਲੇ ਵਿਚ ਬੀ. ਐੱਨ. ਐੱਸ. ਦੀ ਧਾਰਾ 249 ਤਹਿਤ ਦੁਬਾਰਾ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਏ. ਐੱਸ. ਆਈ. ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।