ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ। ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਮਰ ਅਬਦੁੱਲਾ ਨੇ ਇਕ-ਦੂਜੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਪੀ. ਐੱਮ. ਆਵਾਸ ‘ਤੇ ਹੋਈ ਅਤੇ ਕਰੀਬ ਅੱਧਾ ਘੰਟਾ ਮੀਟਿੰਗ ਚੱਲੀ। ਸੂਤਰਾਂ ਮੁਤਾਬਕ ਦੋਹਾਂ ਵਿਚਾਲੇ ਪਹਿਲਗਾਮ ਹਮਲੇ ਮਗਰੋਂ ਉੱਭਰੀ ਸਥਿਤੀ ‘ਤੇ ਚਰਚਾ ਕੀਤੀ।
ਦੱਸ ਦੇਈਏ ਕਿ ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ ਖ਼ਾਸ ਕਰ ਕੇ LoC ‘ਤੇ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਜੰਗ ਵੀ ਹੋ ਸਕਦੀ ਹੈ।
ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ ਘਾਟੀ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਸੈਲਾਨੀਆਂ ਦੀ ਜਾਨ ਚੱਲੀ ਗਈ। ਅੱਤਵਾਦੀਆਂ ਨੇ ਲੋਕਾਂ ਦੀ ਧਾਰਮਿਕ ਪਛਾਣ ਪੁੱਛ ਕੇ ਉਨ੍ਹਾਂ ਨੂੰ ਕਲਮਾ ਪੜ੍ਹਨ ਨੂੰ ਕਿਹਾ ਅਤੇ ਫਿਰ ਗੋਲੀ ਮਾਰ ਦਿੱਤੀ।
ਇਸ ਹਮਲੇ ਮਗਰੋਂ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ਼ ਸਖ਼ਤ ਕਦਮ ਚੁੱਕੇ ਹਨ। ਭਾਰਤ ਨੇ ਸਿੰਧੂ ਜਲ ਸੰਧੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਦੇ ਨਾਲ-ਨਾਲ ਸਰਹੱਦ ਪਾਰ ਤੋਂ ਵਪਾਰ ਨੂੰ ਵੀ ਰੋਕ ਦਿੱਤਾ ਹੈ। ਭਾਰਤ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ‘ਤੇ ਹੋਏ ਕਾਇਰਾਨਾ ਹਮਲੇ ਦਾ ਸਖ਼ਤ ਜਵਾਬ ਦੇਵੇਗਾ।