ਜਲੰਧਰ/ਬਾਬਾ ਬਕਾਲਾ ਸਾਹਿਬ — ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਧਾ ਸੁਆਮੀ ਡੇਰਾ ਬਿਆਸ ਵਿਚ ਅੱਜ ਮਈ ਮਹੀਨੇ ਦਾ ਪਹਿਲਾ ਭੰਡਾਰਾ ਹੈ। ਪਹਿਲੇ ਭੰਡਾਰੇ ਦੌਰਾਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਚੁਣੇ ਗਏ ਆਪਣੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਪਹਿਲਾ ਸਤਿਸੰਗ ਕੀਤਾ। ਸਤਿਸੰਗ ਦੌਰਾਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸਟੇਜ ‘ਤੇ ਮੌਜੂਦ ਰਹੇ। ਇਥੇ ਦੱਸ ਦੇਈਏ ਕਿ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਦੇ ਉਤਰਾਧਿਕਾਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਪਹਿਲੀ ਵਾਰ ਸਤਿੰਸਗ ਕੀਤਾ ਗਿਆ ਹੈ। ਜਸਦੀਪ ਸਿੰਘ ਗਿੱਲ ਵੱਲੋਂ ਸਵੇਰੇ 8.30 ਤੋਂ 9.30 ਇਕ ਘੰਟੇ ਦਾ ਸਤਿਸੰਗ ਕੀਤਾ ਗਿਆ। ਇਸ ਦੌਰਾਨ ਸੰਗਤ ਕਾਫ਼ੀ ਭਾਵੁਕ ਨਜ਼ਰ ਆਈ।
ਸਤਿਸੰਗ ਦੌਰਾਨ ਹਜ਼ੂਰ ਜਸਦੀਪ ਸਿੰਘ ਗਿੱਲ ਨੇ ਫਰਮਾਇਆ ਕਿ ਮਨੁੱਖ ਦਾ ਜਾਮਾ ਸਾਨੂੰ ਸਾਰਿਆ ਨੂੰ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਗੰਦਗੀ ਦੇ ਵਿਚ ਕਮਲ ਦੇ ਫੁੱਲ ‘ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਕਮਲ ਦਾ ਫੁੱਲ ਆਪਣੀ ਮਹਿਕ ਅਤੇ ਆਪਣੀ ਸੁੰਦਰਤਾ ਨੂੰ ਗੰਦਗੀ ਦੇ ਵਿਚ ਰਹਿ ਕੇ ਵੀ ਕਾਇਮ ਰੱਖਦਾ ਹੈ, ਉਸੇ ਤਰ੍ਹਾਂ ਹੀ ਸਾਨੂੰ ਵੀ ਇਸ ਜੀਵਨ ਵਿਚ ਰਹਿ ਕੇ ਉਸ ਰੱਬ ਰੂਪੀ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲ ਦੇਣੀ ਚਾਹੀਦੀ ਹੈ। ਅਖ਼ੀਰ ਵਿਚ ਹਜ਼ੂਰ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ 11 ਮਈ ਨੂੰ ਹੋਵੇਗਾ, ਜਿੰਨਾ ਨੇ ਵੀ ਆਉਣਾ ਬੜੀ ਖ਼ੁਸ਼ੀ ਨਾਲ ਆ ਸਕਦੇ ਹਨ। ਇਸ ਮੌਕੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਵੀ ਹਜ਼ੂਰ ਜਸਦੀਪ ਸਿੰਘ ਗਿੱਲ ਨਾਲ ਸਤਿਸੰਗ ਦੌਰਾਨ ਸਟੇਜ ‘ਤੇ 1 ਘੰਟਾ ਮੌਜੂਦ ਰਹੇ।