ਬਹਿਰਾਇਚ- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਨਾਨਪਾਰਾ ਖੇਤਰ ‘ਚ ਸਰਯੂ ਨਦੀ ‘ਚ ਡੁੱਬਣ ਨਾਲ 2 ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨਾਨਪਾਰਾ ਥਾਣਾ ਖੇਤਰ ਦੇ ਸਰੈਯਾ ਦੇ ਰਹਿਣ ਵਾਲੇ ਸਕੇ ਭਰਾ ਅਨੁਜ (9) ਅਤੇ ਮਨੋਜ (6) ਐਤਵਾਰ ਸ਼ਾਮ ਸਰਯੂ ਨਦੀ ਦੇ ਦੂਜੇ ਪਾਸੇ ਕਣਕ ਦੀ ਵਾਢੀ ਕਰਨ ਗਈ ਆਪਣੀ ਮਾਂ ਚਾਂਦਨੀ ਨੂੰ ਮਿਲਣ ਜਾ ਰਹੇ ਸਨ। ਨਦੀ ਪਾਰ ਕਰਨ ਲਈ ਕੋਈ ਕਿਸ਼ਤੀ ਨਹੀਂ ਸੀ ਤਾਂ ਦੋਵਾਂ ਨੇ ਤੈਰ ਕੇ ਨਦੀ ਪਾਰ ਕਰਨ ਦਾ ਫੈਸਲਾ ਕੀਤਾ ਅਤੇ ਨਦੀ ‘ਚ ਛਾਲ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਦੋਵੇਂ ਬੱਚੇ ਥੋੜ੍ਹੀ ਦੂਰ ਹੀ ਗਏ ਸਨ ਕਿ ਉਹ ਡੁੱਬਣ ਲੱਗੇ। ਨੇੜੇ ਮੌਜੂਦ ਲੋਕਾਂ ਨੇ ਨਦੀ ‘ਚ ਛਾਲ ਮਾਰ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਦੋਵਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ‘ਤੇ ਤਹਿਸੀਲਦਾਰ ਅੰਬਿਕਾ ਚੌਧਰੀ ਅਤੇ ਕੋਤਵਾਲ ਰਾਮਗਿਆ ਸਿੰਘ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ। ਤਹਿਸੀਲਦਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਬੱਚੇ ਆਪਣੀ ਮਾਂ ਨੂੰ ਮਿਲਣ ਲਈ ਨਦੀ ‘ਚ ਉਤਰੇ ਸਨ ਜੋ ਨਦੀ ਦੇ ਦੂਜੇ ਪਾਸੇ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਲਾਸ਼ਾਂ ਦਾ ਪੋਸਟਮਾਰਟਮ ਹੋ ਗਿਆ ਹੈ। ਪੀੜਤ ਪਰਿਵਾਰ ਨੂੰ ਨਿਯਮਾਂ ਅਨੁਸਾਰ ਮਦਦ ਦਿੱਤੀ ਜਾਵੇਗੀ।