ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਆਏ ਦਿਨ ਵੱਡੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਇਕ ਹੋਰ ਤਾਜ਼ਾ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਡੀ. ਜੀ. ਪੀ ਨੇ ਦੱਸਿਆ ਕਿ ਅੱਤਵਾਦੀ ਨੈੱਟਵਰਕਾਂ ਵਿਰੁੱਧ ਇੱਕ ਵੱਡੀ ਸਫਲਤਾ ‘ਚ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਤਿੰਨ ਸਾਥੀਆਂ (ਵਿਜੇ ਮਸੀਹ, ਅਗਰੇਜ ਸਿੰਘ ਅਤੇ ਇਕਬਾਲ ਸਿੰਘ ਸਾਰੇ ਤਰਨਤਾਰਨ ਦੇ ਵਸਨੀਕ) ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਯੂਕੇ-ਅਧਾਰਤ ਗੈਂਗਸਟਰ ਧਰਮਪ੍ਰੀਤ ਸਿੰਘ ਉਰਫ ਧਰਮ ਸੰਧੂ ਅਤੇ ਤਰਨਤਾਰਨ ਦੇ ਜੱਸਾ ਪੱਟੀ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ 3 ਗਲੌਕ ਪਿਸਤੌਲ, 3 ਬੇਰੇਟਾ 30 ਬੋਰ ਪਿਸਤੌਲ, 20 ਜ਼ਿੰਦਾ ਕਾਰਤੂਸ (9mm), 20 ਜ਼ਿੰਦਾ ਕਾਰਤੂਸ (30 ਬੋਰ), 4 ਮੋਬਾਈਲ ਫੋਨ ਅਤੇ 1 ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਹੈ।
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਤਿੰਨੋਂ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਨਾਲ ਸਰਗਰਮ ਸੰਪਰਕ ‘ਚ ਹਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਗਤੀਵਿਧੀ ਵਿੱਚ ਸ਼ਾਮਲ ਹਨ। ਪੀ.ਐੱਸ. ਲੋਪੋਕੇ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਨੈੱਟਵਰਕ ਦੀ ਪੂਰੀ ਹੱਦ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।