ਦੋਰਾਹਾ : ਦੋਰਾਹਾ ਪੁਲਸ ਵੱਲੋਂ ਥਾਣਾ ਮੁਖੀ ਇੰਸਪੈਕਟਰ ਅਕਾਸ਼ ਦੱਤ ਦੀ ਅਗਵਾਈ ਹੇਠ ਇਲਾਕੇ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ‘ਚ ਤਿੰਨ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਬਾਅਦ ਵਿਚ ਮੁਲਜ਼ਮਾਂ ਦੀ ਪਛਾਣ ਰਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਜੋਰਾ ਸਿੰਘ ਤੇ ਸੁਖਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੇਗੋਵਾਲ ਅਤੇ ਯੁਗਰਾਜ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਜੈਪੁਰਾ ਰੋਡ, ਸੁੰਦਰ ਨਗਰ, ਦੋਰਾਹਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਜਿਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਅਧੀਨ ਕਾਰਵਾਈ ਕੀਤੀ ਗਈ ਹੈ।
ਪਹਿਲੇ ਮਾਮਲੇ ‘ਚ ਰਾਤ 9:45 ਵਜੇ ਸੇਫ ਪੰਜਾਬ ਹੈਲਪਲਾਈਨ ‘ਤੇ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਮੁੱਖੀ ਇੰਸਪੈਕਟਰ ਅਕਾਸ਼ ਦੱਤ ਦੀ ਅਗਵਾਈ ਹੇਠ ਪੁਲਸ ਪਾਰਟੀ ਪਿੰਡ ਬੇਗੋਵਾਲ ਪੁੱਜੀ, ਜਿਥੇ ਇਕ ਕਰਿਆਨਾ ਸਟੋਰ ਦੇ ਬਾਹਰ ਦੋ ਨੌਜਵਾਨ ਸ਼ੱਕੀ ਹਾਲਤ ‘ਚ ਖੜੇ ਸਨ। ਪੁਲਸ ਪਾਰਟੀ ਨੇ ਰਜਿੰਦਰ ਸਿੰਘ ਉਰਫ ਵਿੱਕੀ ਅਤੇ ਸੁਖਜਿੰਦਰ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਪਰੰਤੂ ਉਨ੍ਹਾਂ ਤੋਂ ਭਾਵੇ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ ਮਿਲਿਆ ਪਰ ਸਿਵਲ ਹਸਪਤਾਲ ਖੰਨਾ ‘ਚ ਕਰਵਾਏ ਗਏ ਡੋਪ ਟੈਸਟ ਦੀ ਰਿਪੋਰਟ ਅਨੁਸਾਰ ਦੋਹਾਂ ਦੇ ਸ਼ਰੀਰ ‘ਚ ਮੋਰਫੀਨ ਅਤੇ ਬੈਂਜ਼ੋ ਡਾਇਅਜ਼ੀਪਾਈਨ ਪਾਏ ਗਏ। ਜਿਸ ਦੇ ਆਧਾਰ ‘ਤੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 27,61 ਅਤੇ 85 ਹੇਠ ਮੁਕੱਦਮਾ ਨੰਬਰ 58 ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਗਈ।