ਚੰਡੀਗੜ੍ਹ/ਅੰਮ੍ਰਿਤਸਰ: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਪੰਜਾਬ ਪੁਲਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਐੱਸ.ਬੀ.ਐੱਸ. ਨਗਰ ਵਿਚੋਂ ਰਾਕੇਟ ਗ੍ਰਨੇਡ, ਹੈਂਡ ਗ੍ਰਨੇਡ, IED ਸਣੇ ਅੱਤਵਾਦੀਆਂ ਦਾ ਸਾਮਾਨ ਬਰਾਮਦ ਕੀਤਾ ਹੈ। ਇਹ ਸਭ ਪਾਕਿਸਤਾਨ ਦੇ ISI ਸਮਰਥਿਤ ਅੱਤਵਾਦੀ ਨੈੱਟਵਰਕ ਵੱਲੋਂ ਭੇਜਿਆ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ISI-ਸਮਰਥਿਤ ਸਰਹੱਦ ਪਾਰ ਅੱਤਵਾਦੀ ਨੈੱਟਵਰਕਾਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ SSOC ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ ਟਿੱਬਾ ਨੰਗਲ-ਕੁਲਾਰ ਰੋਡ, SBS ਨਗਰ ਦੇ ਨੇੜੇ ਜੰਗਲੀ ਖੇਤਰ ਵਿਚ ਇਕ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਕਾਰਵਾਈ ਵਿਚ ਅੱਤਵਾਦੀ ਹਾਰਡਵੇਅਰ ਦਾ ਇਕ ਜ਼ਖੀਰਾ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 2 ਰਾਕੇਟ ਵਾਲੇ ਗ੍ਰਨੇਡ (RPG), 2 ਵਿਸਫੋਟਕ ਯੰਤਰ (IED), 5 P-86 ਹੈਂਡ ਗ੍ਰਨੇਡ ਤੇ 1 ਵਾਇਰਲਸੈੱਸ ਕਮਿਊਨਿਕੇਸ਼ਨ ਸੈੱਟ ਬਰਾਮਦ ਕੀਤਾ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਦੀ ISI ਅਤੇ ਸਹਿਯੋਗੀ ਅੱਤਵਾਦੀ ਸੰਗਠਨਾਂ ਦੁਆਰਾ ਪੰਜਾਬ ਵਿਚ ਸਲੀਪਰ ਸੈੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਤਾਲਮੇਲ ਵਾਲੀ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਨੂੰਨ ਦੀਆਂ ਸਬੰਧਿਤ ਧਾਰਾਵਾਂ ਤਹਿਤ ਇਕ FIR ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਸੂਬੇ ਵਿਚ ਰਾਸ਼ਟਰੀ ਸੁਰੱਖਿਆ ਦੀ ਰਾਖੀ ਅਤੇ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਵਚਨਬੱਧ ਹੈ।