ਨੰਗਲ – ਪਾਣੀ ਛੱਡਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਿਹਾ ਵਿਵਾਦ ਇਕ ਵਾਰ ਫਿਰ ਤੋਂ ਭਖ ਗਿਆ ਹੈ। ਇਸ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਐਡਵੋਕੇਟ ਜਨਰਲ (ਏ. ਜੀ) ਮਨਿੰਦਰਜੀਤ ਸਿੰਘ ਬੇਦੀ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਇਕ ਬੂੰਦ ਵੀ ਅਸੀਂ ਕਿਸੇ ਨਹੀਂ ਦੇਵਾਂਗੇ। ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਿਆ ਹੈ। ਮਾਨਵਤਾ ਦੇ ਆਧਾਰ ‘ਤੇ ਜਿੰਨਾ ਪਾਣੀ ਬਣਦਾ ਹੈ, ਉਹ ਅਸੀਂ ਦੇ ਰਹੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਨੂੰ 6 ਵਾਰ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ। ਇਹ ਸਾਡੇ ਅਧਿਕਾਰ ਦੀ ਗੱਲ ਹੈ। ਪਹਿਲੀ ਤਾਰੀਖ਼ ਤੱਕ ਕੋਈ ਰੌਲਾ ਨਹੀਂ ਸੀ ਪਰ ਫਿਰ ਇਹ ਸੰਕਟ ਸਾਡੇ ‘ਤੇ ਮੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. ਦੇ ਚੇਅਰਮੈਨ ਦਾ ਫਰਜ਼ ਬਣਦਾ ਸੀ ਕਿ ਸਾਨੂੰ ਪਹਿਲਾਂ ਫੋਨ ਕਰਕੇ ਦੱਸੇ ਕਿ ਉਹ ਇਥੇ ਆ ਰਹੇ ਹਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. ਦੀ ਜੋ ਮੀਟਿੰਗ ਕੀਤੀ ਗਈ, ਉਹ ਅਸੰਵੈਧਾਨਿਕ ਤੌਰ ‘ਤੇ ਕੀਤੀ ਗਈ।