ਜਲੰਧਰ -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦਾ ਸੈਂਟਰਲ ਟਾਊਨ, ਪ੍ਰਤਾਪ ਬਾਗ ਦੇ ਸਾਹਮਣੇ ਸਥਿਤ ਦਫ਼ਤਰ ਇਨ੍ਹੀਂ ਦਿਨੀਂ ਸੀਨੀਅਰ ਸਿਟੀਜ਼ਨਜ਼ ਅਤੇ ਦਿਵਿਆਂਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਦਫ਼ਤਰ ’ਚ ਬਿਜਲੀ ਦੇ ਬਿੱਲਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੂੰ ਤੀਜੀ ਮੰਜ਼ਿਲ ’ਤੇ ਸਥਿਤ ਵਿਭਾਗੀ ਕਮਰੇ ’ਚ ਜਾਣਾ ਪੈਂਦਾ ਹੈ ਪਰ ਉਥੇ ਪਹੁੰਚਣ ਲਈ ਨਾ ਤਾਂ ਕੋਈ ਲਿਫ਼ਟ ਦੀ ਸਹੂਲਤ ਹੈ ਅਤੇ ਨਾ ਹੀ ਕੋਈ ਰੈਂਪ ਹੈ।
ਸੀਨੀਅਰ ਸਿਟੀਜ਼ਨ ਐੱਮ. ਡੀ. ਸੱਭਰਵਾਲ ਅਤੇ ਟੈਲੀਫੋਨ ਵਿਭਾਗ ਤੋਂ ਰਿਟਾਇਰਡ ਐੱਮ. ਐੱਮ. ਚੋਪੜਾ ਨੇ ਇਸ ਸਮੱਸਿਆ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪਾਵਰਕਾਮ ਵੱਲੋਂ ਭੇਜੇ ਜਾਣ ਵਾਲੇ ਬਿਜਲੀ ਦੇ ਬਿੱਲਾਂ ’ਚ ਅਕਸਰ ਗੜਬੜੀਆਂ ਪਾਈਆਂ ਜਾਂਦੀਆਂ ਹਨ। ਕਦੇ ਖ਼ਪਤ ਨਾਲੋਂ ਵੱਧ ਰਾਸ਼ੀ ਪਾਈ ਜਾਂਦੀ ਹੈ ਤਾਂ ਕਦੇ ਪੁਰਾਣੇ ਬਿੱਲਾਂ ਦੀਆਂ ਬਕਾਇਆ ਰਾਸ਼ੀਆਂ ਜੋੜ ਦਿੱਤੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ’ਚ ਖ਼ਪਤਕਾਰਾਂ ਨੂੰ ਆਪਣੀ ਸਮੱਸਿਆ ਲੈ ਕੇ ਦਫ਼ਤਰ ਦਾ ਰੁਖ਼ ਕਰਨਾ ਪੈਂਦਾ ਹੈ।
ਪਰ ਜਦੋਂ ਕੋਈ ਬਜ਼ੁਰਗ ਵਿਅਕਤੀ, ਔਰਤ ਜਾਂ ਦਿਵਿਆਂਗ ਵਿਅਕਤੀ ਪਾਵਰਕਾਮ ਦੇ ਇਸ ਦਫ਼ਤਰ ’ਚ ਜਾਂਦਾ ਹੈ ਤਾਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿੰਨ ਮੰਜ਼ਿਲਾ ਉੱਚਾਈ ਤੱਕ ਸਿਰਫ਼ ਪੌੜੀਆਂ ਸਹਾਰੇ ਪਹੁੰਚਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਗਰਮੀ ਦੇ ਇਨ੍ਹਾਂ ਦਿਨਾਂ ’ਚ ਇਹ ਪ੍ਰੇਸ਼ਾਨੀ ਹੋਰ ਵੀ ਗੰਭੀਰ ਹੋ ਗਈ ਹੈ।