ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਅਰਚਨਾ ਸ਼ਾਹੀ ਲਈ ‘ਸਿੰਦੂਰ’ ਹੁਣ ਇਕ ਸ਼ਬਦ ਨਹੀਂ ਸਗੋਂ ਇਕ ਭਾਵਨਾ ਹੈ, ਜਿਸ ਕਾਰਨ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਦਾ ਨਾਮ ‘ਸਿੰਦੂਰ’ ਰੱਖਣ ਦਾ ਫੈਸਲਾ ਕੀਤਾ। ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ ‘ਆਪਰੇਸ਼ਨ ਸਿੰਦੂਰ’ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ, ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ‘ਚ 17 ਨਵਜੰਮੀਆਂ ਕੁੜੀਆਂ ਦਾ ਨਾਮ ਉਨ੍ਹਾਂ ਦੇ ਪਰਿਵਾਰਾਂ ਨੇ ‘ਸਿੰਦੂਰ’ ਰੱਖਿਆ ਹੈ। ਧੀ ਨੂੰ ਜਨਮ ਦੇਣ ਵਾਲੀ ਅਰਚਨਾ ਸ਼ਾਹੀ ਨੇ ਕਿਹਾ,”ਪਹਿਲਗਾਮ ਹਮਲੇ ‘ਚ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਪਤੀ ਗੁਆ ਦਿੱਤੇ। ਉਸ ਤੋਂ ਬਾਅਦ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ। ਸਾਨੂੰ ਸਾਰਿਆਂ ਨੂੰ ਇਸ ‘ਤੇ ਮਾਣ ਹੈ। ਹੁਣ ‘ਸਿੰਦੂਰ’ ਇਕ ਸ਼ਬਦ ਨਹੀਂ ਸਗੋਂ ਇਕ ਭਾਵਨਾ ਹੈ। ਇਸ ਲਈ ਅਸੀਂ ਆਪਣੀ ਧੀ ਦਾ ਨਾਮ ‘ਸਿੰਦੂਰ’ ਰੱਖਣ ਦਾ ਫੈਸਲਾ ਕੀਤਾ।”