ਗੁਰਦਾਸਪੁਰ : ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਬਦਨਾਮ ਖਾਲਿਸਤਾਨੀ ਅੱਤਵਾਦੀ ਕਸ਼ਮੀਰਾ ਸਿੰਘ ਵਾਸੀ ਗਲਵੱਡੀ ਉਰਫ ਬਲਬੀਰ ਸਿੰਘ, ਜਿਸ ਦਾ 10 ਲੱਖ ਰੁਪਏ ਦਾ ਇਨਾਮ ਸੀ, ਨੂੰ ਬਿਹਾਰ ਦੇ ਮੋਤੀਹਾਰੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਐਨਆਈਏ ਨੇ ਮੋਤੀਹਾਰੀ ਪੁਲਸ ਦੇ ਸਹਿਯੋਗ ਨਾਲ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸ਼ਮੀਰਾ 2016 ਵਿੱਚ ਪੰਜਾਬ ਵਿੱਚ ਨਾਭਾ ਜੇਲ੍ਹ ਬ੍ਰੇਕ ਦੌਰਾਨ ਫਰਾਰ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਲੋੜੀਂਦਾ ਸੀ। ਉਸਨੂੰ 2015 ਵਿੱਚ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਮੁਖੀ ਹਰਵਿੰਦਰ ਸੋਨੀ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ।
ਉਸ ਤੋਂ ਬਾਅਦ, ਉਸਨੂੰ ਹੋਰ ਅੱਤਵਾਦੀ ਘਟਨਾਵਾਂ ਵਿੱਚ ਗ੍ਰਿਫ਼ਤਾਰ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਉੱਥੋਂ, ਉਹ ਗੈਂਗਸਟਰ ਵਿੱਕੀ ਗੌਂਡਰ ਅਤੇ ਇੱਕ ਹੋਰ ਅੱਤਵਾਦੀ ਸਮੇਤ ਨਾਭਾ ਜੇਲ੍ਹ ਤੋਂ ਭੱਜਣ ਵਿੱਚ ਸਫ਼ਲ ਹੋ ਗਿਆ। ਅੱਤਵਾਦੀ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਵਿੱਕੀ ਗੌਂਡਰ ਨੂੰ ਪੰਜਾਬ ਪੁਲਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।