ਨਵੀਂ ਦਿੱਲੀ- CBSE ਬੋਰਡ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਇਸ ਸਾਲ 15 ਫਰਵਰੀ ਤੋਂ 18 ਮਾਰਚ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਵਿਦਿਆਰਥੀ ਆਪਣੇ ਰੋਲ ਨੰਬਰ ਜ਼ਰੀਏ ਆਪਣਾ ਨਤੀਜਾ ਆਸਾਨੀ ਨਾਲ ਚੈੱਕ ਕਰ ਸਕਦੇ ਹਨ। ਨਤੀਜੇ ਐਲਾਨ ਹੋਣ ਮਗਰੋਂ ਜਮਾਤ 10ਵੀਂ ਦੇ ਵਿਦਿਆਰਥੀ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ cbse.gov.in ਜਾਂ results.nic.in ‘ਤੇ ਵੇਖ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ CBSE ਨੇ 12ਵੀਂ ਦੇ ਨਤੀਜੇ ਜਾਰੀ ਕੀਤੇ ਸਨ।
ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ 10ਵੀ ਜਮਾਤ ਦੇ ਨਤੀਜਿਆਂ ਵਿਚ 93 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਸ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ ਹੈ। 1.99 ਲੱਖ ਉਮੀਦਵਾਰਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। 45,000 ਤੋਂ ਵੱਧ ਉਮੀਦਵਾਰਾਂ ਨੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਭਾਰਦਵਾਜ ਨੇ ਕਿਹਾ ਕਿ 1.41 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਪੂਰਕ ਪ੍ਰੀਖਿਆ (ਕੰਪਾਰਟਮੈਂਟ) ਪ੍ਰੀਖਿਆ ਦੇਣੀ ਹੋਵੇਗੀ।