ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਭੋਜਾ ਦੇ ਖੇਤਾਂ ‘ਚ ਅੱਜ ਮਿਜ਼ਾਇਲ ਦਾ ਟੁਕੜਾ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵਲੋਂ ਤੁਰੰਤ ਇਸ ਦੀ ਸੂਚਨਾ ਬਟਾਲਾ ਪੁਲਸ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵਲੋਂ ਸੂਚਨਾ ਦਿੱਤੀ ਗਈ ਸੀ।
ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਖੇਤਾਂ ‘ਚ ਕਿਸੇ ਮਿਜ਼ਾਇਲ ਵਰਗੀ ਚੀਜ਼ ਦਾ ਟੁਕੜਾ ਪਾਇਆ ਗਿਆ। ਹਾਲਾਂਕਿ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੈ ਕਿ ਇਹ ਕਿਸ ਚੀਜ਼ ਦਾ ਪੁਰਜਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਫ਼ੌਜ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫ਼ੌਜ ਦੇ ਅਧਿਕਾਰੀਆਂ ਨੇ ਇਸ ਟੁਕੜੇ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤਾਂ ‘ਚ ਆਏ ਤਾਂ ਉਨ੍ਹਾਂ ਨੇ ਇਸ ਪੁਰਜੇ ਨੂੰ ਦੇਖਿਆ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਿੰਡ ‘ਚ ਪਿਛਲੇ ਦਿਨਾਂ ਤੋਂ ਕਿਸੇ ਤਰ੍ਹਾਂ ਦੀ ਧਮਾਕੇ ਦੀ ਆਵਾਜ਼ ਨਹੀਂ ਸੁਣੀ ਗਈ ਹੈ।