ਚੰਡੀਗੜ੍ਹ/ਜਲੰਧਰ —‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ 75ਵੇਂ ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਸ ਵੱਲੋਂ ਵੀਰਵਾਰ ਨੂੰ ਸੂਬੇ ਭਰ ਦੇ ਬੱਸ ਅੱਡਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਾਰੇ 28 ਪੁਲਸ ਜ਼ਿਲ੍ਹਿਆਂ ’ਚ ਚਲਾਇਆ ਗਿਆ।
ਇਸ ਸੂਬਾ ਪੱਧਰੀ ਆਪ੍ਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ (ਸਪੈਸ਼ਲ ਡੀ. ਜੀ. ਪੀ.) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਸੀ. ਪੀਜ਼./ਐੱਸ.ਐੱਸ. ਪੀਜ਼ ਨੂੰ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਸੁਪਰਡੈਂਟ ਆਫ਼ ਪੁਲਸ (ਐੱਸ. ਪੀ.) ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਭਾਰੀ ਪੁਲਸ ਬਲ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਇਸ ਆਪ੍ਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਪੁਲਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ 486 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਦੇ ਚਲਦਿਆਂ 83 ਐੱਫ਼. ਆਈ. ਆਰਜ਼ ਦਰਜ ਕੀਤੀਆਂ ਅਤੇ 124 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਛਾਪੇਮਾਰੀ ਦੌਰਾਨ ਨਸ਼ਾ ਸਮੱਗਲਰਾਂ ਦੇ ਕਬਜ਼ੇ ’ਚੋਂ 4.02 ਕਿੱਲੋਗ੍ਰਾਮ ਹੈਰੋਇਨ, 2.5 ਕਿੱਲੋਗ੍ਰਾਮ ਅਫ਼ੀਮ ਅਤੇ 27,090 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ’ਚ 2 ਨਸ਼ਾ ਸਮੱਗਲਰਾਂ ਵੱਲੋਂ ਕਾਲੀ ਕਮਾਈ ਨਾਲ ਬਣਾਏ ਘਰ ਢਾਹ ਦਿੱਤੇ ਗਏ ਹਨ।