ਨੈਸ਼ਨਲ – ਮਸ਼ਹੂਰ ਕਥਾਵਾਚਕ ਅਤੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਆਪਣੇ ਇਕ ਵਿਵਾਦਿਤ ਬਿਆਨ ਕਾਰਨ ਇਕ ਵਾਰ ਫਿਰ ਕਾਨੂੰਨੀ ਮੁਸੀਬਤ ‘ਚ ਫਸ ਗਏ ਹਨ। ਪ੍ਰਯਾਗਰਾਜ ਮਹਾਕੁੰਭ-2025 ਦੌਰਾਨ, ਉਨ੍ਹਾਂ ਨੇ ਕਿਹਾ ਸੀ ਕਿ ਮਹਾਕੁੰਭ ‘ਚ ਹਰ ਵਿਅਕਤੀ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜੋ ਨਹੀਂ ਆਏਗਾ ਉਹ ਪਛਤਾਏਗਾ ਅਤੇ ਦੇਸ਼ਧ੍ਰੋਹੀ ਕਹਿਲਾਏਗਾ। ਇਸ ਬਿਆਨ ਨੂੰ ਗੈਰ-ਸੰਵਿਧਾਨਕ ਅਤੇ ਭੜਕਾਊ ਮੰਨਦੇ ਹੋਏ, ਅਦਾਲਤ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 20 ਮਈ ਨੂੰ ਸਵੇਰੇ 11 ਵਜੇ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਦਰਅਸਲ ਐਡਵੋਕੇਟ ਸੰਘ ਸ਼ਹਿਡੋਲ ਦੇ ਸਾਬਕਾ ਪ੍ਰਧਾਨ ਸੰਦੀਪ ਕੁਮਾਰ ਤਿਵਾੜੀ ਨੇ 4 ਫਰਵਰੀ ਨੂੰ ਧੀਰੇਂਦਰ ਸ਼ਾਸਤਰੀ ਦੇ ਇਸ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਸੋਹਗਪੁਰ ਥਾਣੇ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਸੰਦੀਪ ਤਿਵਾੜੀ ਨੇ ਐੱਸਪੀ ਤੋਂ ਗੁਹਾਰ ਲਗਾਈ। ਇਸ ਤੋਂ ਬਾਅਦ ਵੀ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ 3 ਮਾਰਚ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਹਿਡੋਲ ਦੇ ਸਾਹਮਣੇ ਇਕ ਸ਼ਿਕਾਇਤ ਦਾਇਰ ਕੀਤੀ। ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਧੀਰੇਂਦਰ ਸ਼ਾਸਤਰੀ ਨੂੰ ਆਉਣ ਵਾਲੀ 20 ਮਈ ਨੂੰ ਸਵੇਰੇ 11 ਵਜੇ ਨਿੱਜੀ ਤੌਰ ‘ਤੇ ਕੋਰਟ ‘ਚ ਪੇਸ਼ ਹੋਣ ਦਾ ਸਖ਼ਤ ਆਦੇਸ਼ ਦੇ ਦਿੱਤਾ।