ਜਲੰਧਰ/ਹੁਸ਼ਿਆਰਪੁਰ – ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੂਬਾ ਪਧਰੀ ਸਮਾਗਮ ‘ਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੰਡ ਜਲਾਲਪੁਰ ਦੇ ਸਚਿਨ ਪੈਲੇਸ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਵਾਸਤੇ ਕੀਤਾ ਜਾ ਰਿਹਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਪਣੇ ਸੰਬੋਧਨ ਦੌਰਾਨ ਵੱਡਾ ਐਲਾਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਮੈਡੀਕਲ ਕਾਲਜ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੰਗਰੂਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿਚ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਘਰ ਵਿਚ ਕੋਈ ਨਸ਼ਾ ਕਰਦਾ ਹੋਵੇ ਤਾਂ ਸਭ ਤੋਂ ਵੱਧ ਪੀੜਤ ਔਰਤ ਹੀ ਹੁੰਦੀ ਹੈ, ਕਿਉਂਕਿ ਉਸ ਨੇ ਘਰ ਦਾ ਚੁੱਲ੍ਹਾ ਚਲਾਉਣਾ ਹੁੰਦਾ ਹੈ। ਔਰਤਾਂ ਨੂੰ ਪਤਾ ਹੁੰਦਾ ਹੈ ਕਿ ਨਸ਼ੇ ਨਾਲ ਘਰ ਤਬਾਹ ਹੋਵੇਗਾ। ਇਸ ਦੌਰਾਨ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਸ਼ਬਦੀ ਹਮਲੇ ਵੀ ਬੋਲੇ। ਉਨ੍ਹਾਂ ਕਿਹਾ ਕਿ ਜਿੰਨਾਂ ਦੇ ਘਰੇ ਸੋਨੇ ਦੀਆਂ ਟੂਟੀਆਂ ਲੱਗੀਆਂ ਹੋਣ, ਉਨ੍ਹਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਹੁੰਦਾ ਹੈ।
ਪਾਣੀ ਦੇ ਮੁੱਦੇ ‘ਤੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਕਰਕੇ ਕਰੀਬ 3-4 ਵਾਰ ਮੈਨੂੰ ਨੰਗਲ ਜਾਣਾ ਪਿਆ। ਪੰਜਾਬ ਦੇ ਪਾਣੀ ਲਈ ਅਸੀਂ ਸੜਕਾਂ ‘ਤੇ ਵੀ ਲੜਾਂਗੇ ਅਤੇ ਲੀਗਲੀ ਵੀ ਲੜਾਂਗੇ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਉਹ ਫੱਟੇ ਚੱਕਣ ਨੂੰ ਫਿਰਦੇ ਹਨ, ਜਦਕਿ ਮੈਂ ਫੱਟੇ ਹੇਠਾਂ ਕਰਨ ਲਈ ਉਥੇ ਜਾਂਦਾ ਹਾਂ। ਜੇਕਰ ਕੋਈ ਪਾਣੀ ਵਾਸਤੇ ਸਾਡੇ ਨਾਲ ਧੱਕਾ ਕਰੇਗਾ ਤਾਂ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦਾ ਪਾਣੀ ਨਹੀਂ ਅਸੀਂ ਕਿਸੇ ਹੋਰ ਨੂੰ ਦੇਣਾ। ਉਥੇ ਹੀ ਉਨ੍ਹਾਂ ਕਿਹਾ ਕਿ ਸਰਪੰਚ ਸਾਬ੍ਹ ਨੇ ਪਿੰਡ ਵਿਚ ਖੇਡ ਮੈਦਾਨ, ਲਿੰਕ ਸੜਕਾਂ ਸਮੇਤ ਹੋਰ ਕਈ ਸਮੱਸਿਆਵਾਂ ਬਾਰੇ ਸਾਨੂੰ ਦੱਸ ਦਿੱਤਾ ਹੈ, ਜਿਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਸੇ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਾ ਮੁਕਤੀ ਨੂੰ ਲੈ ਕੇ ਸਹੁੰ ਵੀ ਚੁਕਵਾਈ ਗਈ।