ਜਲੰਧਰ- ਸਕੂਲ ਆਫ਼ ਐਮੀਨੈਂਸ ਦੀ ਮੈਰਿਟ ਸੂਚੀ ਵਿੱਚ ਮਕਸੂਦਾਂ ਦੀ ਇਕ ਵਿਦਿਆਰਥਣ ਨੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰਿਸ਼ਨ ਪ੍ਰਸਾਦ ਦੀ ਧੀ ਨੀਲੂ ਕੁਮਾਰੀ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 97.5% ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ 16ਵਾਂ ਰੈਂਕ ਅਤੇ ਜਲੰਧਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਵੱਲੋਂ ਆਯੋਜਿਤ ਇਸ ਮੈਰਿਟ ਸੂਚੀ ਵਿੱਚ ਉਸ ਨੇ ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ 100/100 ਅੰਕ ਪ੍ਰਾਪਤ ਕੀਤੇ ਹਨ। ਸਕੂਲ ਪ੍ਰਬੰਧਨ ਖ਼ਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ, ਅਧਿਆਪਕਾ ਰੰਜੂ, ਅਤੇ ਸਮੁੱਚੇ ਸਟਾਫ਼ ਨੇ ਨੀਲ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕੀਤਾ।
ਸਕੂਲ ਵੱਲੋਂ ਨੀਲੂ ਕੁਮਾਰੀ ਨੂੰ ਸਨਮਾਨ ਚਿੰਨ੍ਹ ਅਤੇ 5100 ਰੁਪਏ ਦਾ ਨਕਦੀ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਵੇਲੇ ਨੀਲੂ ਨੇ ਸਕੂਲ ਆਫ਼ ਐਮੀਨੈਂਸ ਵਿੱਚ ਮੈਡੀਕਲ ਸਟ੍ਰੀਮ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲਿਆ ਹੈ। ਉਸ ਦੀ ਇਸ ਮਹਾਨ ਪ੍ਰਾਪਤੀ ਕਾਰਨ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਲਾਕੇ ਦਾ ਨਾਮ ਹੋਰ ਉੱਚਾ ਕਰੇਗੀ।