ਜਲੰਧਰ (ਵੈੱਬ ਡੈਸਕ)- ਜੇਕਰ ਤੁਸੀਂ ਵੀ ਭਲਕੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਲਕੇ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਲਕੇ ਯਾਨੀ ਕਿ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਨਬਸ ਦੇ ਵਰਕਸ਼ਾਪ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਅਤੇ ਬੱਸ ਸਟੈਂਡ ਬੰਦ ਰਹਿਣਗੇ।
ਠੇਕਾ ਕਰਮਚਾਰੀਆਂ ਵੱਲੋਂ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 20 ਮਈ ਤੋਂ 3 ਦਿਨਾਂ ਦੀ ਹੜਤਾਲ ਦੇ ਸੱਦੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਨਬਸ ਦੇ ਵਰਕਸ਼ਾਪ ਮੁਲਾਜ਼ਮਾਂ ਦੀ ਤਨਖ਼ਾਹ ਨਾ ਆਉਣ ਕਾਰਨ 20 ਮਈ ਨੂੰ ਸਿਰਫ਼ 2 ਘੰਟੇ ਬੱਸ ਸਟੈਂਡ ਬੰਦ ਦਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਮਿਤੀ 19 ਮਈ ਨੂੰ ਪ੍ਰਸੋਨਲ ਦੇ ਨਾਲ ਟਰਾਂਸਪੋਰਟ ਵਿਭਾਗ ਦੀ ਬਾਅਦ ਦੁਪਹਿਰ ਮੀਟਿੰਗ ਹੋਈ, ਜਿਸ ਵਿੱਚ ਵਿਭਾਗ ਵੱਲੋਂ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰਕੇ ਕੰਟਰੈਕਟ ‘ਤੇ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਜਾਰੀ ਹੈ, ਜਿਸ ਦੀ ਫਾਈਲ ਸੈਕਟਰੀ ਕੋਲ ਜਾ ਚੁਕੀ ਹੈ, ਜਿਸ ਨੂੰ ਮੰਤਰੀ ਕੋਲ ਅਤੇ ਫਿਰ ਕੈਬਨਿਟ ਵਿੱਚ ਭੇਜਣਾ ਸੀ, ਇਸ ਕਰਕੇ ਆਉਟਸੋਰਸ ਅਤੇ ਕੰਟਰੈਕਟ ਸਟਾਫ਼ ਦੀਆਂ ਫਾਈਲਾਂ ਨੂੰ ਕੈਬਨਿਟ ਤੋਂ ਪਾਸ ਕਰਵਾ ਕੇ ਲਾਗੂ ਕਰਵਾਉਣ ਲਈ ਵਿਭਾਗਾਂ ਵਿੱਚ ਸਰਕਾਰੀ ਨਵੀਆਂ ਬੱਸਾਂ ਪਾਉਣ ਲਈ ਸਹਿਮਤੀ ਜਤਾਈ ਹੈ।