ਚੰਡੀਗੜ੍ਹ : ਚੰਡੀਗੜ੍ਹ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇਕ ਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਹਾਈਕੋਰਟ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਖ਼ਾਲੀ ਕਰਵਾਇਆ ਗਿਆ ਹੈ। ਕੋਰਟ ਰੂਮ ਅਤੇ ਪੂਰੀ ਇਮਾਰਤ ਖ਼ਾਲੀ ਕਰਵਾ ਲਈ ਗਈ ਹੈ।
ਹਾਈਕੋਰਟ ਦੇ ਕੰਮਕਾਜ ਨੂੰ ਅੱਧੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਰਚ ਮੁਹਿੰਮ ਜਾਰੀ ਹੈ। ਮੌਕੇ ‘ਤੇ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਦਾਲਤ ‘ਚ ਕੋਈ ਸ਼ੱਕੀ ਜਾਂ ਲਾਵਾਰਿਸ ਚੀਜ਼ ਮਿਲਦੀ ਹੈ ਤਾਂ ਤੁਰੰਤ ਹਾਈਕੋਰਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।
ਫਿਲਹਾਲ ਲੋਕਾਂ ‘ਚ ਹਫੜਾ-ਦਫੜੀ ਦਾ ਮਾਹੌਲ ਹੈ ਕਿਉਂਕਿ ਇਸ ਇਲਾਕੇ ‘ਚ ਕਾਫੀ ਭੀੜ ਰਹਿੰਦੀ ਹੈ। ਸੁਰੱਖਿਆ ਫੋਰਸਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਾਈਕੋਰਟ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ।