ਬੀਕਾਨੇਰ- ‘ਆਪ੍ਰੇਸ਼ਨ ਸਿੰਦੂਰ’ ਦੀ ਸਫ਼ਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਪਹਿਲੀ ਵਾਰ ਰਾਜਸਥਾਨ ਪਹੁੰਚੇ। ਰਾਜਸਥਾਨ ਦੇ ਬੀਕਾਨੇਰ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਪਾਕਿਸਤਾਨ ਨਾਲ ਨਾ ਵਪਾਰ ਹੋਵੇਗਾ ਅਤੇ ਨਾ ਗੱਲਬਾਤ। ਜੇਕਰ ਗੱਲ ਹੋਵੇਗੀ ਤਾਂ ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਬਾਰੇ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਐਕਸਪੋਰਟ ਕਰਨਾ ਜਾਰੀ ਰੱਖਿਆ ਤਾਂ ਉਸ ਨੂੰ ਪਾਈ-ਪਾਈ ਲਈ ਮੋਹਤਾਜ ਹੋਣਾ ਹੋਵੇਗਾ। ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ। ਭਾਰਤੀਆਂ ਦੇ ਖੂਨ ਨਾਲ ਖੇਡਣਾ, ਪਾਕਿਸਤਾਨ ਨੂੰ ਹੁਣ ਮਹਿੰਗਾ ਪਵੇਗਾ। ਇਹ ਭਾਰਤ ਦਾ ਸੰਕਲਪ ਹੈ ਅਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਸੰਕਲਪ ਨੂੰ ਡਿੱਗਾ ਨਹੀਂ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਅੱਤਵਾਦ ਨਾਲ ਨਜਿੱਠਣ ਲਈ ਤਿੰਨ ਸੂਤਰ ਤੈਅ ਕਰ ਦਿੱਤੇ ਹਨ। ਪਹਿਲਾ- ਭਾਰਤ ‘ਤੇ ਅੱਤਵਾਦੀ ਹਮਲਾ ਹੋਇਆ ਤਾਂ ਕਰਾਰਾ ਜਵਾਬ ਮਿਲੇਗਾ। ਸਮਾਂ ਅਤੇ ਤਾਰੀਖ਼ ਸਾਡੀ ਫ਼ੌਜ ਤੈਅ ਕਰੇਗੀ ਅਤੇ ਸ਼ਰਤਾਂ ਵੀ ਸਾਡੀਆਂ ਹੋਣਗੀਆਂ। ਦੂਜਾ- ਏਟਮ ਬੰਬ ਦੀ ਗਿੱਦੜ ਭਬਕੀਆਂ ਤੋਂ ਭਾਰਤ ਡਰਨ ਵਾਲਾ ਨਹੀਂ ਹੈ। ਤੀਜਾ- ਅਸੀਂ ਅੱਤਵਾਦ ਦੇ ਸਰਗਨਿਆਂ ਅਤੇ ਅੱਤਵਾਦ ਦੇ ਸਰਪ੍ਰਸਤ ਸਰਕਾਰ ਨੂੰ ਵੱਖ-ਵੱਖ ਨਹੀਂ ਵੇਖਾਂਗੇ, ਉਨ੍ਹਾਂ ਨੂੰ ਇਕ ਹੀ ਮੰਨਾਂਗੇ। ਪਾਕਿਸਤਾਨ ਦਾ ਇਹ ਸਟੇਟ ਅਤੇ ਨਾਨ-ਸਟੇਟ ਵਾਲੀ ਖੇਡ ਹੁਣ ਨਹੀਂ ਚਲੇਗੀ।