ਮੁੱਲਾਂਪੁਰ ਦਾਖਾ/ਹਲਵਾਰਾ (ਕਾਲੀਆ, ਲਾਡੀ) -ਥਾਣਾ ਸੁਧਾਰ ਅਧੀਨ ਇੱਕ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਸੁਧਾਰ ਥਾਣੇ ਦੇ ਲਾਗਲੇ ਪਿੰਡ ਵਿੱਚ ਲੁੱਟ-ਖੋਹ ਕਰਨ ਆਏ ਚਾਰ ਲੁਟੇਰਿਆਂ ਵਿੱਚੋਂ, ਤਿੰਨਾਂ ਨੇ ਇੱਕ 30 ਸਾਲਾ ਵਿਧਵਾ ਔਰਤ, ਜੋ ਆਪਣੇ ਘਰ ਵਿੱਚ ਇਕੱਲੀ ਸੀ, ਨਾਲ ਵਾਰੋ-ਵਾਰੀ ਚਾਕੂ ਦੀ ਨੋਕ ‘ਤੇ ਬਲਾਤਕਾਰ ਕੀਤਾ ਅਤੇ ਸੋਨਾ, ਚਾਂਦੀ ਅਤੇ ਨਕਦੀ ਲੁੱਟ ਕੇ ਬੇਖੋਫ ਹੋ ਕੇ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਭੇਸ ਵਿੱਚ ਆਏ ਸਨ। ਪੀੜਤ ਔਰਤ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਦੁਪਹਿਰ ਕਰੀਬ 3:30 ਵਜੇ ਕਿਸੇ ਨੇ ਉਸਦਾ ਦਰਵਾਜ਼ਾ ਖੜਕਾਇਆ ਅਤੇ ਪੁੱਛਣ ‘ਤੇ ਉਸ ਨੇ ਆਪਣੇ ਆਪ ਨੂੰ ਬਿਜਲੀ ਬੋਰਡ ਦੇ ਕਰਮਚਾਰੀ ਦੱਸਿਆ ਅਤੇ ਕਿਹਾ ਕਿ ਉਹ ਕਿਸੇ ਫਾਲਟ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ, ਇੱਕ ਲੁਟੇਰੇ ਨੇ ਕੰਧ ਟੱਪ ਕੇ ਦਰਵਾਜ਼ਾ ਖੋਲ੍ਹਿਆ ਅਤੇ ਬਾਕੀ ਤਿੰਨਾਂ ਨੂੰ ਅੰਦਰ ਬੁਲਾ ਲਿਆ। ਔਰਤ ਦੇ ਅਨੁਸਾਰ, ਲੁਟੇਰੇ ਉਸਨੂੰ ਫੜ ਕੇ ਅੰਦਰ ਲੈ ਗਏ। ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੇ ਕਮਰੇ ਵਿੱਚ ਸੌਂ ਰਹੇ ਉਸ ਦੇ ਪੰਜ ਸਾਲ ਦੇ ਪੁੱਤਰ ਦੀ ਗਰਦਨ ‘ਤੇ ਚਾਕੂ ਰੱਖ ਕੇ ਸੋਨਾ, ਚਾਂਦੀ ਅਤੇ ਨਕਦੀ ਦੀ ਮੰਗ ਕੀਤੀ ਅਤੇ ਉਹ ਘਰ ਵਿੱਚ ਰੱਖੇ ਲਗਭਗ 5 ਤੋਲੇ ਸੋਨੇ ਦੇ ਗਹਿਣੇ, ਇੱਕ ਕਿਲੋ ਦੇ ਕਰੀਬ ਚਾਂਦੀ ਅਤੇ 5,000 ਰੁਪਏ ਨਕਦੀ ਲੁੱਟ ਲਈ ।
ਚਾਰ ਵਿੱਚੋਂ ਤਿੰਨ ਲੁਟੇਰਿਆਂ ਨੇ ਇੱਕ-ਇੱਕ ਕਰਕੇ ਔਰਤ ਨਾਲ ਗੈਂਗ ਰੇਪ ਕੀਤਾ ਅਤੇ ਫਰਾਰ ਹੋ ਗਏ। ਪੀੜਤ ਔਰਤ ਦੇ ਅਨੁਸਾਰ, ਲੁਟੇਰਿਆਂ ਦੇ ਜਾਣ ਤੋਂ ਬਾਅਦ ਉਸਨੇ ਹਿੰਮਤ ਜੁਟਾਈ ਅਤੇ ਆਪਣੇ ਗੁਆਂਡੀਆਂ ਨੂੰ ਫ਼ੋਨ ਕਰਕੇ ਘਟਨਾ ਬਾਰੇ ਦੱਸਿਆ। ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।