ਨੈਸ਼ਨਲ – ਨਿਯਮਾਂ ਦੀ ਉਲੰਘਣਾ ਕਰਨ ਵਾਲੇ 515 ਸਕੂਲਾਂ ਦੀ ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਨੇ ਮਾਨਤਾ ਰੱਦ ਕਰ ਦਿੱਤੀ ਹੈ। ਇਹ ਸਕੂਲ ਬਿਨਾਂ ਬੋਰਡ ਦੀ ਮਨਜ਼ੂਰੀ ਦੇ ਚੱਲ ਰਹੇ ਸਨ, ਜੋ ਕਿ ਹਰਿਆਣਾ ਸਕੂਲ ਸਿੱਖਿਆ ਨਿਯਮ 2003 ਦੀ ਉਲੰਘਣਾ ਕਰ ਰਹੇ ਸਨ।
ਇਹ ਕਾਰਵਾਈ ਸੂਬੇ ਵਿਚ ਚੰਗੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਸਕੂਲਾਂ ਨੂੰ ਬੰਦ ਕਰਨ ਲਈ ਕੀਤੀ ਗਈ ਹੈ। ਜਿਨ੍ਹਾਂ ਸਕੂਲਾਂ ਖ਼ਿਲਾਫ਼ ਕਾਰਵਾਈ ਹੋਈ ਹੈ, ਉਨ੍ਹਾਂ ‘ਚੋਂ ਸਭ ਤੋਂ ਵੱਧ ਸਕੂਲ ਮਹੇਂਦਰਗੜ੍ਹ ਤੇ ਰੇਵਾੜੀ ਜ਼ਿਲ੍ਹੇ ਦੇ ਹਨ, ਜਿੱਥੇ ਦੇ 90-90 ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਇਲਾਵਾ ਪਲਵਲ ਦੇ 75, ਯਮੁਨਾਨਗਰ ਦੇ 40, ਕਰਨਾਲ ਦੇ 38, ਕੈਥਲ ਦੇ 35, ਫਤਿਹਾਬਾਦ ਦੇ 32, ਭਿਵਾਨੀ ਦੇ 30, ਝੱਜਰ ਦੇ 26, ਗੁਰੂਗ੍ਰਾਮ ਦੇ 22, ਰੋਹਤਕ ਦੇ 18, ਸੋਨੀਪਤ ਦੇ 14, ਕੁਰੂਕਸ਼ੇਤਰ ਦੇ 3 ਤੇ ਜੀਂਦ ਦੇ 2 ਸਕੂਲ ਨਿਯਮਾਂ ਦੀ ਉਲੰਘਣਾ ਕਾਰਨ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਜਨਵਰੀ 2025 ਵਿਚ ਬੋਰਡ ਨੇ ਉਨ੍ਹਾਂ ਸਕੂਲਾਂ ਤੋਂ ਅਰਜ਼ੀਆਂ ਮੰਗੀਆਂ ਸਨ ਜੋ 2003 ਦੇ ਨਿਯਮ ਲਾਗੂ ਹੋਣ ਤੋਂ ਪਹਿਲਾਂ ਮੌਜੂਦ ਸਨ, ਤਾਂ ਜੋ ਉਹ ਬੋਰਡ ਤੋਂ 2024-25 ਸੈਸ਼ਨ ਲਈ ਅਸਥਾਈ ਤੌਰ ‘ਤੇ ਮਾਨਤਾ ਲੈ ਸਕਣ। ਬੋਰਡ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਸਮੇਂ-ਸਮੇਂ ‘ਤੇ ਜਾਂਚ ਦੀ ਚਿਤਾਵਨੀ ਦਿੱਤੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਸੁਣਾਏ ਹਨ।