ਮੁੱਲਾਂਪੁਰ ਦਾਖਾ – ਥਾਣਾ ਜੋਧਾਂ ਦੀ ਪੁਲਸ ਨੇ ਇਕ ਚੋਰੀ ਕੀਤੀ ਕਾਰ ਨੂੰ ਜਾਅਲੀ ਨੰਬਰ ਲਗਾ ਕੇ ਚਲਾਉਣ ਵਾਲੇ ਨੂੰ ਕਾਬੂ ਕਰਕੇ ਉਸ ਕੋਲੋਂ 30 ਅਤੇ 32 ਬੋਰ ਦੇ 2 ਪਿਸਤੌਲ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਦੇ ਆਦੇਸ਼ਾਂ ‘ਤੇ ਥਾਣਾ ਮੁਖੀ ਜੋਧਾਂ ਸਾਹਿਬਮੀਤ ਸਿੰਘ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਚੋਰੀ ਕੀਤੀ ਕਾਰ ਬੈਲੀਨੋ ਨੂੰ ਜਾਅਲੀ ਨੰਬਰ ਲਗਾ ਕੇ ਚਲਾ ਰਹੇ ਹਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਸਵਰਨਜੀਤ ਸਿੰਘ ਵਾਸੀ ਮਾਜਰੀ ਥਾਣਾ ਦਾਖਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਦੋ ਦਿਨ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ’ਤੇ ਉਸ ਕੋਲੋਂ ਦੋ ਪਿਸਤੌਲ 30 ਬੋਰ ਅਤੇ 32 ਬੋਰ ਬਰਾਮਦ ਕੀਤੇ।
ਉਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਆਪਣੇ ਸਾਥੀ ਸਰਬਜੋਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਜਰੀ ਨਾਲ ਮਿਲ ਕੇ ਕਾਰ ਚੋਰੀ ਕੀਤੀ ਸੀ ਅਤੇ ਦੋਵਾਂ ਨੇ ਮਿਲ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਡੀ. ਐੱਸ. ਪੀ. ਖੋਸਾ ਨੇ ਦੱਸਿਆ ਕਿ ਸਰਬਜੋਤ ਸਿੰਘ ਨੂੰ ਪਰਚੇ ਵਿੱਚ ਨਾਮਜ਼ਦ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ।