ਤਰਨਤਾਰਨ (ਸ਼ਨੀਵਾਰ ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਤੂਫਾਨ ਅਤੇ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਇਸ ਦੌਰਾਨ ਜਿੱਥੇ ਇਕ ਚਾਹ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਕੰਧ ਡਿੱਗਣ ਕਰਕੇ ਮਲਬੇ ਹੇਠਾਂ ਆਉਣ ਦੌਰਾਨ ਮੌਤ ਹੋ ਗਈ, ਉਥੇ ਹੀ ਵੱਖ-ਵੱਖ ਗਰੀਬ ਘਰਾਂ ਦੇ ਕੱਚੇ ਕੋਠੇ ਅਤੇ ਹੋਰ ਕੰਧਾਂ ਤੋਂ ਲੈ ਕਈ ਸ਼ੈਡ ਟੁੱਟਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਤੂਫਾਨ ਕਰਕੇ ਸੜਕਾਂ ਉਪਰ ਰੁੱਖਾਂ ਦੇ ਥਾਂ-ਥਾਂ ਡਿੱਗਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ, ਜਿਸ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਮੌਸਮ ਵਿਭਾਗ ਵੱਲੋਂ ਬੀਤੇ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਕੁਝ ਦਿਨਾਂ ’ਚ ਤੂਫਾਨ ਮੀਂਹ ਝੱਖਡ਼ ਆਉਣ ਦੇ ਆਸਾਰ ਬਣੇ ਹੋਏ ਹਨ, ਜਿਸ ਦੇ ਚੱਲਦਿਆਂ ਸ਼ਨੀਵਾਰ ਸ਼ਾਮ ਕਰੀਬ 6 ਵਜੇ ਆਸਮਾਨ ਵਿਚ ਹਨੇਰਾ ਛਾ ਗਿਆ, ਉਥੇ ਹੀ ਤੇਜ਼ ਹਨੇਰੀ ਉਪਰੰਤ ਤੂਫਾਨ ਆਉਣ ਕਰਕੇ ਚਾਰੇ ਪਾਸੇ ਹਾਹਾਕਾਰ ਮੱਚ ਗਈ।