ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ): ਪੰਜਾਬ ਪੁਲਸ ਨੇ ਵਿਦੇਸ਼ ਆਧਾਰਤ ਅੱਤਵਾਦੀ ਅਰਸ਼ ਡੱਲਾ ਤੇ ਜਿੰਦੀ ਮਹਿੰਦੀਪੁਰੀਆ ਦੇ ਨਜ਼ਦੀਕੀ ਸਾਥੀ ਲਵਿਸ਼ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਤੇ ਹੁਸ਼ਿਆਰਪੁਰ ਪੁਲਸ ਵੱਲੋਂ ਗੁਜਰਾਤ ਪੁਲਸ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਕੀਤੀ ਗਈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ‘ਤੇ ਗੋਲੀਬਾਰੀ ਸਮੇਤ ਜਬਰੀ ਵਸੂਲੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਰਿਹਾ। ਉਸ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਤੇ ਉਸ ਵਿਰੁੱਧ ਕਤਲ, ਗੋਲੀਬਾਰੀ ਨਾਲ ਡਰਾ-ਧਮਕਾ ਕੇ ਜਬਰੀ ਵਸੂਲੀ ਦੀ ਕੋਸ਼ਿਸ਼ ਤੇ ਹੋਰ ਕਈ ਗੰਭੀਰ ਅਪਰਾਧ ਦਰਜ ਹਨ। ਉਹ ਆਪਣੇ ਵਿਦੇਸ਼ੀ ਹੈਂਡਲਰਾਂ ਨਾਲ ਲਗਾਤਾਰ ਸੰਪਰਕ ’ਚ ਸੀ, ਜੋ ਪੰਜਾਬ ’ਚ ਇਕ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ।