ਫਗਵਾੜਾ ਫਗਵਾੜਾ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਦੀ ਕੰਧ ਦੇ ਇੱਕ ਵੱਡੇ ਹਿੱਸੇ ਦੇ ਅਚਾਨਕ ਡਿੱਗਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਪਰ ਰਾਹਤ ਭਰੀ ਗੱਲ ਇਹ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਕੰਧ ਲਾਗੇ ਕੋਈ ਵੀ ਵਿਅਕਤੀ ਜਾਂ ਮਰੀਜ਼ ਆਦਿ ਮੌਜੂਦ ਨਹੀਂ ਸੀ ਜਿਸ ਕਾਰਨ ਸਿਵਲ ਹਸਪਤਾਲ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਹੁਤ ਵੱਡਾ ਬਚਾਅ ਹੋ ਗਿਆ।
ਸਰਕਾਰੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਕੰਧ ਬੀਤੇ ਦਿਨੀਂ ਫਗਵਾੜਾ ਵਿੱਚ ਆਏ ਤੂਫਾਨ ਅਤੇ ਚੱਲੀ ਤੇਜ਼ ਹਨੇਰੀ ਕਾਰਨ ਵਾਪਰੇ ਹਾਦਸੇ ਵਜੋਂ ਡਿੱਗੀ ਹੈ ਜਿਸ ਦੀ ਸੂਚਨਾ ਪੰਜਾਬ ਸਰਕਾਰ ਅਤੇ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਸਮੇਤ ਨਗਰ ਨਿਗਮ ਨੂੰ ਦੇ ਦਿੱਤੀ ਗਈ ਹੈ। ਪਰ ਵੱਡਾ ਸਵਾਲ ਇਹ ਹੈ ਕਿ ਕੁਝ ਸਾਲ ਪਹਿਲਾਂ ਹੀ ਫਗਵਾੜਾ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਦੀ ਲੱਖਾਂ ਰੁਪਏ ਖਰਚ ਕੇ ਉਸਾਰੀ ਹੋਈ ਹੈ ਅਤੇ ਜਿਸ ਢੰਗ ਨਾਲ ਇਸ ਕੇਂਦਰ ਦੀ ਕੰਧ ਦਾ ਇੱਕ ਹਿੱਸਾ ਡਿੱਗਾ ਹੈ, ਉਸਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।