ਕਾਰਾਕਾਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਕਾਰਾਕਾਟ ‘ਚ 48,520 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੂਬੇ ਦੇ 2 ਦਿਨਾਂ ਦੌਰੇ ‘ਤੇ ਵੀਰਵਾਰ ਨੂੰ ਪਟਨਾ ਪਹੁੰਚੇ ਪ੍ਰਧਾਨ ਮੰਤਰੀ ਨੇ ਨੈਸ਼ਨਲ ਹਾਈਵੇਅ (NH) 22 ਦੇ ਪਟਨਾ-ਗਯਾ-ਡੋਭੀ ਭਾਗ ਦੇ ਚਾਰ-ਮਾਰਗੀ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ, ਜਿਸ ‘ਤੇ ਲਗਭਗ 5,520 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ NH 27 ‘ਤੇ ਗੋਪਾਲਗੰਜ ਸ਼ਹਿਰ ‘ਚ ‘ਐਲੀਵੇਟਿਡ ਹਾਈਵੇ’ ਦੇ ਚਾਰ-ਮਾਰਗੀ ਨਿਰਮਾਣ ਅਤੇ ਗ੍ਰੇਡ ਸੁਧਾਰ ਕਾਰਜ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਸੋਨ ਨਗਰ-ਮੁਹੰਮਦ ਗੰਜ ਦਰਮਿਆਨ 1,330 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਤੀਜੀ ਰੇਲ ਲਾਈਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਪ ਮੁੱਖ ਮੰਤਰੀ ਸਮਰਾਟ ਚੌਧਰੀ, ਕੇਂਦਰੀ ਮੰਤਰੀ ਅਤੇ ਕਈ ਹੋਰ ਵਿਸ਼ੇਸ਼ ਵਿਅਕਤੀ ਅਤੇ ਅਧਿਕਾਰੀ ਮੌਜੂਦ ਸਨ। ਕਾਰਾਕਾਟ ਰੋਹਤਾਸ ਜ਼ਿਲ੍ਹੇ ਦਾ ਇਕ ਬਲਾਕ ਹੈ।