ਅੰਮ੍ਰਿਤਸਰ- ਅੰਮ੍ਰਿਤਸਰ ‘ਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਅੰਮ੍ਰਿਤਸਰ ਪੁਲਸ ਵੱਲੋਂ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਨਾਕਾਬੰਦੀਆਂ ਕਰਕੇ ਸਖਤਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਛੇਹਰਟਾ ਵਿਖੇ ਹੋਏ ਕੌਂਸਲਰ ਹਰਜਿੰਦਰ ਬਾਮਨ ਦੇ ਕਤਲ ਤੋਂ ਬਾਅਦ ਲਗਾਤਾਰ ਕਿਸ਼ਨ ਗੈਂਗ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ‘ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲ ਰਹੀ ਹੈ। ਜਿਸ ਦੇ ਚਲਦਿਆਂ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਜੰਡਿਆਲਾ ਗੁਰੂ ਦੇ ਕਿਸ਼ਨ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਐੱਸਪੀ ਸਿਟੀ 3 ਜਗਰੂਪ ਕੌਰ ਬਾਠ ਨੇ ਦੱਸਿਆ ਕਿ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਚਾਂਦ ਆਨੰਦ ਤੇ ਬਚਿੱਤਰ ਸਿੰਘ ਉਰਫ ਲਿਖਾਰੀ ਦੇ ਰੂਪ ‘ਚ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਨ। ਜਿਨ੍ਹਾਂ ਕੋਲੋਂ ਇੱਕ ਪਿਸਤੌਲ 32 ਬੋਰ ਦੇਸੀ , ਚਾਰ ਜਿੰਦਾ ਕਾਰਤੂਸ ਅਤੇ 32 ਬੋਰ ਪਿਸਤੌਲ ਗਲੋਕਸ ਸਮੇਤ ਤਿੰਨ ਰੋਂਦ ਜਿੰਦਾ 09 ਐਮਐਮ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਸਨਸਟੀ ਮੋੜ ਤੋਂ ਨਾਕੇਬੰਦੀ ਕਰਕੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਜੰਡਿਆਲਾ ਗੁਰੂ ਦੇ ਕਿਸ਼ਨ ਜੋ ਇਸ ਸਮੇਂ ਦੁਬਈ ‘ਚ ਰਹਿੰਦਾ ਹੈ, ਕੋਲੋਂ ਹਥਿਆਰ ਖਰੀਦਦੇ ਸਨ ਅਤੇ ਮੋਹਕਮਪੁਰਾ ਇਲਾਕੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਫਿਲਹਾਲ ਇਨ੍ਹਾਂ ਨੂੰ ਗ੍ਰਿਫਤਾਰ ਕਰਨ ‘ਚ ਪੁਲਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ।