ਬਠਿੰਡਾ -ਪੰਜਾਬ ਦੇ ਬਠਿੰਡਾ ਚ ਉਸ ਸਮੇੇਂ ਸਨਸਨੀ ਮਾਹੌਲ ਪੈਦਾ ਹੋ ਗਿਆ ਜਦ ਐਤਵਾਰ ਸਵੇਰੇ ਲਗਭਗ 6 ਵਜੇ ਦੇ ਕਰੀਬ ਪਿੰਡ ਗਿਲਪੱਤੀ ਦੇ ਕੋਲ ਨੇਹੀਆਂਵਾਲਾ ਰੋਡ ’ਤੇ ਕੱਸੀ ਨੇੜੇ ਇਕ ਔਰਤ ਦੀ ਲਾਸ਼ ਸ਼ੱਕੀ ਹਾਲਾਤ ’ਚ ਮਿਲੀ। ਲਾਸ਼ ਦੇ ਕੋਲ ਔਰਤ ਦਾ ਸਕੂਟਰ ਵੀ ਖੜ੍ਹਾ ਸੀ। ਮਾਮਲੇ ਦੀ ਸੂਚਨਾ ਨੌਜਵਾਨ ਵੈੱਲਫੇਅਰ ਸੋਸਾਇਟੀ ਸਮੇਤ ਥਾਣਾ ਨੇਹੀਆਂਵਾਲਾ ਦੀ ਪੁਲਸ ਨੂੰ ਦਿੱਤੀ। ਪੁਲਸ ਅਤੇ ਸੰਸਥਾ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਔਰਤ ਦੇ ਗਲੇ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ, ਜਿਸ ਤੋਂ ਲੱਗਦਾ ਹੈ ਕਿ ਔਰਤ ਦਾ ਦੁਪੱਟੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਔਰਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਉੱਥੇ ਹੀ ਛੱਡ ਦਿੱਤੀ ਗਈ ਸੀ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਕਿ ਸਵੇਰੇ ਕਰੀਬ 11.45 ਵਜੇ ਪੁਲਸ ਥਾਣਾ ਨੇਹੀਆਂਵਾਲਾ ਨੂੰ ਸੂਚਨਾ ਮਿਲੀ ਕਿ ਪਿੰਡ ਬਲਾਹੜ ਮਹਿਮਾ ਦੇ ਸਰਕਾਰੀ ਸਕੂਲ ’ਚ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੋਵੇਂ ਹਾਦਸੇ ਥੋੜ੍ਹੀ ਦੂਰੀ ’ਤੇ ਵਾਪਰੇ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ’ਚ ਸਬੰਧ ਹੈ ਪਰ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।