ਜੰਮੂ ਕਸ਼ਮੀਰ ’ਚ ਬੱਸ ਤੇ ਹਮਲੇ ਤੋਂ ਬਾਅਦ ਮਨੀਪੁਰ ਤੋਂ ਇੱਕ ਹੋਰ ਸ਼ੱਕੀ ਅੱਤਵਾਦੀ ਦੀ ਖ਼ਬਰ ਮਿਲੀ ਹੈ। ਜਿੱਥੇ ਸ਼ੱਕੀ ਅੱਤਵਾਦੀਆਂ ਨੇ ਸੋਮਵਾਰ ਨੂੰ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਕਾਂਗਪੋਕਪੀ ਜ਼ਿਲੇ ‘ਚ ਅਗਾਊਂ ਸੁਰੱਖਿਆ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ ਕਾਫਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੇ ਵਾਹਨਾਂ ‘ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵੱਲੋਂ ਜਵਾਬੀ ਕਾਰਵਾਈ ਹੁਣ ਵੀ ਜਾਰੀ ਹੈ। ਸ਼ੱਕੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਇਹ ਮੁੱਠਭੇੜ ਨੈਸ਼ਨਲ ਹਾਈਵੇਅ-53 ਦੇ ਨਾਲ ਕੋਟਲੇਨ ਪਿੰਡ ਨੇੜੇ ਅਜੇ ਵੀ ਚੱਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਮਲੇ ਦੌਰਾਨ ਘੱਟੋ-ਘੱਟ ਇੱਕ ਜਵਾਨ ਨੂੰ ਗੋਲੀ ਲੱਗੀ ਹੈ। ਇੱਕ ਅਧਿਕਾਰੀ ਨੇ ਮੁਤਾਬਕ ਮੁੱਖ ਮੰਤਰੀ ਬੀਰੇਨ ਸਿੰਘ, ਜੋ ਅਜੇ ਤੱਕ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ ਹਨ, ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸੀ।