ਚੰਡੀਗੜ੍ਹ/ਜਲੰਧਰ/ਰੂਪਨਗਰ – ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ.ਸੀ.) ਐੱਸ. ਏ.ਐੱਸ. ਨਗਰ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਲਈ ਜਾਸੂਸੀ ਕਰਨ ਦੇ ਦੋਸ਼ ’ਚ ਇਕ ਯੂ-ਟਿਊਬ ਇਨਫਲੂਐਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਉਰਫ਼ ਜਾਨ ਮਾਹਲ (41) ਵਾਸੀ ਪਿੰਡ ਮਾਹਲਾਂ ਰੂਪਨਗਰ ਵਜੋਂ ਹੋਈ ਹੈ। ਉਕਤ ਮੁਲਜ਼ਮ 11 ਲੱਖ ਤੋਂ ਵੱਧ ਸਬਸਕ੍ਰਾਈਬਰਜ਼ ਵਾਲਾ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਜੋ ‘ਜਾਨ ਮਾਹਲ ਵੀਡੀਓ’ ਨਾਂ ਦਾ ਯੂ-ਟਿਊਬ ਚੈਨਲ ਚਲਾ ਰਿਹਾ ਸੀ, ਜਿੱਥੇ ਸਫਰਨਾਮਿਆਂ ਅਤੇ ਖਾਣਾ ਪਕਾਉਣ ਸਬੰਧੀ ਵਲੌਗ ਪੋਸਟ ਕੀਤੇ ਜਾਂਦੇ ਸਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਜਸਬੀਰ ਸਿੰਘ ਪਾਕਿਸਤਾਨੀ ਇੰਟੈਲੀਜੈਂਸ ਆਪ੍ਰੇਟਿਵ (ਪੀ.ਆਈ.ਓ.) ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਹੈ, ਜੋ ਕਿ ਇਕ ਅੱਤਵਾਦੀ ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਦੇ ਹਰਿਆਣਾ ਸਥਿਤ ਯੂ-ਟਿਊਬਰ ਜੋਤੀ ਮਲਹੋਤਰਾ, ਜਿਸ ਨੂੰ ਹਰਿਆਣਾ ਪੁਲਸ ਨੇ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਿੱਧੇ ਸੰਪਰਕ ਸਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਦਾਨਿਸ਼ ਦੇ ਸੱਦੇ ’ਤੇ ਜਸਬੀਰ ਦਿੱਲੀ ਵਿਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ’ਚ ਸ਼ਾਮਲ ਹੋਇਆ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਉਹ 2020, 2021 ਅਤੇ 2024 ’ਚ ਪਾਕਿਸਤਾਨ ਵੀ ਗਿਆ ਤੇ ਆਈ.ਐੱਸ.ਆਈ. ਅਧਿਕਾਰੀਆਂ ਦੇ ਸਿੱਧੇ ਸੰਪਰਕ ’ਚ ਆਇਆ ਸੀ, ਜਿਨ੍ਹਾਂ ਨੇ ਬਾਅਦ ’ਚ ਉਸ ਨੂੰ ਭਾਰਤ ’ਚ ਜਾਸੂਸੀ ਗਤੀਵਿਧੀਆਂ ਕਰਨ ਲਈ ਭਰਤੀ ਕੀਤਾ।